ਨਵੀਂ ਦਿੱਲੀ : ਕਾਂਗਰਸ ਨੇ ਜੀ.ਡੀ.ਪੀ ਵਿਕਾਸ ਦਰ 'ਚ ਭਾਰਤੀ ਗਿਰਾਵਟ ਅਤੇ ਬੇਰੋਜ਼ਗਾਰੀ ਨੂੰ ਲੈ ਕੇ ਵੀਰਵਾਰ ਨੂੰ ਸਰਕਾਰ 'ਤੇ ਦੇਸ਼ ਨੂੰ ਆਰਥਕ ਐਮਰਜੈਂਸੀ ਵਲ ਧੱਕਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ 'ਆਰਥਕ ਤਬਾਹੀ' ਲਈ ਵਿੱਤ ਮੰਤਰੀ ਨਿਰਮਲਾ ਸਿਤਾਰਮਣ ਨੂੰ ਖ਼ਦ ਅਸਤੀਫ਼ਾ ਦੇ ਦੇਣਾ ਚਾਹੀਦਾ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਮੌਜੂਦਾ ਹਾਲਾਤ 'ਚ ਸਰਕਾਰ ਦੇ ਅੰਦਰ 'ਵੱਡੀ ਰਾਜਨੀਤਕ ਅਤੇ ਵਿੱਤੀ ਸਰਜ਼ਰੀ' ਦੀ ਜ਼ਰੂਰਤ ਹੈ।
ਸੁਰਜੇਵਾਲਾ ਨੇ ਜੀਡੀਪੀ 'ਚ ਗਿਰਾਵਟ, ਬੇਰੋਜ਼ਗਾਰੀ ਅਤੇ ਸੂਬਿਆਂ 'ਚ ਜੀਐਸਟੀ ਦੇ ਬਕਾਏ ਨਾਲ ਜੁੜੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ''ਅੱਜ ਦੇਸ਼ 'ਚ ਚਾਰੇ ਪਾਸੇ ਆਰਥਕ ਤਬਾਹੀ ਦਾ ਹਨੇਰਾ ਹੈ। ਰੋਜ਼ੀ, ਰੋਟੀ, ਰੋਜ਼ਗਾਰ ਖ਼ਤਮ ਹੋ ਗਏ ਹਨ ਅਤੇ ਧੰਦੇ, ਵਪਾਰ 'ਤੇ ਉਦਯੋਗ ਠੱਪ ਪਏ ਹਨ। ਅਰਥਵਿਵਸਥਾ ਬਰਬਾਦ ਹੋ ਗਈ ਹੈ ਅਤੇ ਜੀਡੀਪੀ ਪਾਤਾਲ 'ਚ ਹੈ। ਦੇਸ਼ ਨੂੰ ਆਰਥਕ ਐਮਰਜੈਂਸੀ ਵਲ ਧੱਕਿਆ ਜਾ ਰਿਹਾ ਹੈ।''