ਟੋਕੀਓ, (ਏਜੰਸੀ) : ਜਾਪਾਨ ਵਿਚ ਇਕ ਸੇਬ ਦੇ ਵਜ਼ਨ ਬਰਾਬਰ ਪੈਦਾ ਹੋਇਆ ਬੱਚਾ ਹੁਣ ਬਾਹਰੀ ਦੁਨੀਆ ਵਿਚ ਪੈਰ ਰੱਖਣ ਲਈ ਤਿਆਰ ਹੈ। ਅਕਤੂਬਰ ਵਿਚ ਪੈਦਾ ਹੋਇਆ ਇਹ ਬੱਚਾ ਦੁਨੀਆ ਦਾ ਸਭ ਤੋਂ ਘੱਟ ਵਜ਼ਨ ਵਾਲਾ ਬੱਚਾ ਹੈ। ਬੱਚੇ ਦੀ ਮਾਂ ਤੋਸ਼ਿਕੋ ਨੇ ਗਰਭਵਤੀ ਹੋਣ ਦੇ ਬਾਅਦ ਹਾਈ ਬੀ.ਪੀ. ਦੀ ਮੁਸ਼ਕਲ ਹੋਣ ਕਾਰਨ 24 ਹਫਤੇ ਅਤੇ 5 ਦਿਨ ਦੇ ਬਾਅਦ ਰਿਉਸੁਕੇ ਸੇਕੀਏ ਨੂੰ ਜਨਮ ਦਿੱਤਾ। ਜਨਮ ਸਮੇਂ ਬੱਚੇ ਦਾ ਵਜ਼ਨ ਸਿਰਫ 258 ਗ੍ਰਾਮ ਸੀ। ਉਸ ਨੇ ਪਿਛਲੇ ਸਾਲ ਜਨਮੇ ਜਾਪਾਨ ਦੇ ਇਕ ਹੋਰ ਬੱਚੇ ਦਾ ਰਿਕਾਰਡ ਵੀ ਤੋੜ ਦਿੱਤਾ ਜਿਸ ਦਾ ਵਜ਼ਨ ਸਿਰਫ 268 ਗ੍ਰਾਮ ਸੀ।
ਬੱਚੇ ਨੂੰ ਫਰਵਰੀ ਵਿਚ ਟੋਕੀਓ ਦੇ ਇਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਕ ਅਕਤਬੂਰ 2018 ਨੂੰ ਜਦੋਂ ਰਿਉਸੁਕੇ ਦਾ ਜਨਮ ਹੋਇਆ ਤਾਂ ਉਸ ਦੀ ਲੰਬਾਈ 22 ਸੈਂਟੀਮੀਟਰ ਸੀ। ਡਾਕਟਰਾਂ ਨੇ ਉਸ ਨੂੰ ਆਈ.ਸੀ.ਯੂ ਵਿਚ ਰੱਖਿਆ ਸੀ। ਬੱਚੇ ਨੂੰ ਦੁੱਧ ਪਿਲਾਉਣ ਲਈ ਟਿਊਬ ਦਾ ਸਹਾਰਾ ਲਿਆ ਗਿਆ ਸੀ। ਉਹ ਕਦੇ-ਕਦੇ ਮਾਂ ਦਾ ਦੁੱਧ ਪਿਲਾਉਣ ਲਈ ਰੂੰ ਦੀ ਵਰਤੋਂ ਵੀ ਕਰਦੇ ਸਨ। ਕਰੀਬ 7 ਮਹੀਨੇ ਬਾਅਦ ਬੱਚੇ ਦਾ ਵਜ਼ਨ 13 ਗੁਣਾ ਵੱਧ ਗਿਆ ਅਤੇ ਹੁਣ ਉਹ 3 ਕਿਲੋਗ੍ਰਾਮ ਦਾ ਹੈ। ਉਸ ਨੂੰ ਇਸ ਹਫਤੇ ਦੇ ਅਖੀਰ ਵਿਚ ਵਿਚ ਮੱਧ ਜਾਪਾਨ ਵਿਚ ਨਗਾਨੋ ਚਿਲਡਰਨਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਬੱਚੇ ਦੀ ਮਾਂ ਤੋਸ਼ਿਕੋ ਨੇ ਪੱਤਰਕਾਰਾਂ ਨੂੰ ਕਿਹਾ, ''ਜਦੋਂ ਉਸ ਦਾ ਜਨਮ ਹੋਇਆ ਤਾਂ ਉਹ ਬਹੁਤ ਛੋਟਾ ਸੀ ਅਤੇ ਅਜਿਹਾ ਲੱਗਦਾ ਸੀ ਕਿ ਜੇਕਰ ਉਸ ਨੂੰ ਹੱਥ ਲਗਾਵਾਂਗੇ ਤਾਂ ਉਹ ਟੁੱਟ ਜਾਵੇਗਾ। ਮੈਂ ਬਹੁਤ ਫਿਕਰਮੰਦ ਸੀ।''
ਉਨ੍ਹਾਂ ਨੇ ਦੱਸਿਆ, ''ਹੁਣ ਉਹ ਦੁੱਧ ਪੀਂਦਾ ਹੈ। ਅਸੀਂ ਉਸ ਨੂੰ ਨਹਿਲਾਉਂਦੇ ਹਾਂ। ਮੈਂ ਖੁਸ਼ ਹਾਂ ਕਿ ਮੈਂ ਉਸ ਨੂੰ ਵੱਡੇ ਹੁੰਦੇ ਹੋਏ ਦੇਖ ਪਾ ਰਹੀ ਹਾਂ।'' ਜਰਮਨੀ ਵਿਚ ਸਾਲ 2015 ਵਿਚ ਸਭ ਤੋਂ ਘੱਟ ਵਜ਼ਨ ਵਾਲੀ 250 ਗ੍ਰਾਮ ਦੀ ਬੱਚੀ ਦਾ ਜਨਮ ਹੋਇਆ ਸੀ।