ਭਵਾਨੀਗੜ੍ਹ : ਸਥਾਨਕ ਸ਼ਹਿਰ ਦੀ ਨਾਭਾ ਰੋਡ ਉਪਰ ਸਥਿਤ ਪਨਗ੍ਰੇਨ ਦੇ ਗੋਦਾਮਾਂ 'ਚ ਬੀਤੀ ਰਾਤ ਦਾਖ਼ਲ ਹੋਏ ਵੱਡੀ ਗਿਣਤੀ 'ਚ ਅਣਪਛਾਤਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਇਕ ਨੌਜਵਾਨ ਚੌਂਕੀਦਾਰ ਨੂੰ ਮੌਤ ਦੇ ਘਾਟ ਉਤਾਰ ਦੇਣ ਅਤੇ ਇਕ ਨੂੰ ਜ਼ਖ਼ਮੀ ਕਰ ਦੇਣ ਦੀ ਖਬਰ ਮਿਲੀ ਹੈ। ਘਟਨਾ 'ਚ ਜਖ਼ਮੀ ਹੋਏ ਅਤਰ ਸਿੰਘ ਪੁੱਤਰ ਜੌਗਿੰਦਰ ਸਿੰਘ ਵਾਸੀ ਪਿੰਡ ਬਖਤੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਸ ਦਾ ਚਚੇਰਾ ਭਰਾ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਖਤੜੀ ਜੋ ਕਿ ਪਨਗ੍ਰੇਨ ਦੇ ਗੋਦਾਮਾਂ 'ਚ ਬਤੌਰ ਚੌਂਕੀਦਾਰ ਡਿਊਟੀ ਕਰਦੇ ਹਨ ਅਤੇ ਬੀਤੀ ਰਾਤ ਗੋਦਾਮਾਂ 'ਚ ਦਾਖ਼ਲ ਹੋਏ 14-15 ਦੇ ਕਰੀਬ ਅਣਪਛਾਤਿਆਂ ਜਿਨ੍ਹਾਂ ਕੋਲ ਕਿਰਪਾਨਾਂ, ਚਾਕੂ ਅਤੇ ਹੋਰ ਤੇਜ਼ਧਾਰ ਹਥਿਆਰ ਸਨ ਨੇ ਉਨ੍ਹਾਂ ਨੂੰ ਢਾਹ ਲਿਆ ਅਤੇ ਉਸ ਦੀਆਂ (ਅਤਰ ਸਿੰਘ ਦੀਆਂ) ਲੱਤਾਂ ਬਾਹਾਂ ਨੂੰ ਬੰਨ੍ਹ ਕੇ ਉਸ ਨੂੰ ਗੋਦਾਮ ਦੇ ਇਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਮੇਰੇ ਚਚੇਰੇ ਭਰਾ ਗੁਰਵਿੰਦਰ ਸਿੰਘ ਨੂੰ ਬਾਹਰ ਹੀ ਬੰਨ੍ਹ ਦਿੱਤਾ। ਜਦੋਂ ਉਕਤ ਅਣਪਛਾਤੇ ਬਾਹਰ ਵਾਲੇ ਗੇਟ ਨੂੰ ਬਾਹਰੋਂ ਬੰਦ ਕਰਕੇ ਚਲੇ ਗਏ ਤਾਂ ਫ਼ਿਰ ਉਸ ਨੇ ਕਾਫੀ ਮੁਸ਼ਕਲ ਨਾਲ ਆਪਣੇ ਬੰਨ੍ਹੇ ਹੋਏ ਹੱਥ ਅਤੇ ਲੱਤਾਂ ਨੂੰ ਖੋਲ੍ਹਿਆ ਅਤੇ ਕਹਾੜੇ ਦੀ ਮਦਦ ਨਾਲ ਗੇਟ ਨੂੰ ਤੋੜ ਕੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਉਸ ਦਾ ਭਰਾ ਗੁਰਵਿੰਦਰ ਸਿੰਘ ਜਿਸ ਦੇ ਸਰੀਰ ਉਪਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਸਨ। ਖੂਨ ਨਾਲ ਲੱਥਪਥ ਬਾਹਰ ਡਿੱਗਿਆ ਪਿਆ ਸੀ ਅਤੇ ਉਸ ਦਾ ਮੂੰਹ ਅਤੇ ਹੱਥ ਪੈਰ ਬੰਨ੍ਹੇ ਹੋਏ ਸਨ। ਉਨ੍ਹਾਂ ਨੇ ਜ਼ਖਮੀ ਨੂੰ ਹਸਪਤਾਲ ਲਿਆਂਦਾ ਜਿਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ। ਅਤਰ ਸਿੰਘ ਨੇ ਦੱਸਿਆ ਕਿ ਗੋਦਾਮ 'ਚ ਦਾਖ਼ਲ ਹੋਏ ਇਹ ਅਣਪਛਾਤੇ ਹਿੰਦੀ ਬੋਲਦੇ ਸਨ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਵੱਲੋਂ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਪੂਰਾ ਖੁਲਾਸਾ ਜਾਂਚ ਕਰਨ ਤੋਂ ਬਾਅਦ ਹੀ ਕੀਤਾ ਜਾਵੇਗਾ।