ਚੇਨੱਈ ਸੁਪਰਕਿੰਗਜ਼ ਦੇ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਦੱਸਿਆ ਗਿਆ ਹੈ ਕਿ ਕ੍ਰਿਕਟਰ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਵਾਪਸ ਭਾਰਤ ਪਰਤ ਆਏ ਹਨ ਅਤੇ IPL ਦੇ ਇਸ ਸੀਜ਼ਨ ਵਿੱਚ ਨਹੀਂ ਖੇਡ ਸਕਣਗੇ। ਟਵੀਟ ਵਿੱਚ, ਟੀਮ ਦੇ ਸੀਈਓ ਕੇਸੀ ਵਿਸ਼ਵਨਾਥਨ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਚੇਨੱਈ ਸੁਪਰਕਿੰਗਜ਼ ਅਜਿਹੀ ਸਥਿਤੀ ਵਿੱਚ ਰੈਨਾ ਦੇ ਪਰਿਵਾਰ ਨੂੰ ਪੂਰਾ ਸਹਿਯੋਗ ਦੇਵੇਗੀ।"
ਨਜ਼ਦੀਕੀ ਰਿਸ਼ਤੇਦਾਰਾਂ 'ਤੇ ਹੋਇਆ ਕਾਤਲਾਨਾ ਹਮਲਾ
ਹਾਲਾਂਕਿ, ਕਿਹੜੇ ਕਾਰਨਾਂ ਕਰਕੇ ਰੈਨਾ ਨੂੰ ਭਾਰਤ ਪਰਤਣਾ ਪਿਆ, ਇਸ ਬਾਰੇ ਵਿਸਥਾਰ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਇਹ ਕਿਹਾ ਜਾ ਰਿਹਾ ਹੈ ਕਿ ਸੁਰੇਸ਼ ਰੈਨਾ ਆਪਣੇ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਨਾਲ ਹੋਏ ਹਾਦਸੇ ਕਾਰਨ ਵਾਪਸ ਪਰਤੇ ਹਨ। ਜਾਣਕਾਰੀ ਮੁਤਾਬਕ 19 ਅਗਸਤ ਦੀ ਦੇਰ ਰਾਤ ਪਿੰਡ ਥਰਿਆਲ ਦੇ ਇੱਕ ਘਰ ਵਿੱਚ ਕਾਤਲਾਨਾ ਹਮਲਾ ਹੋਇਆ ਜਿਸ ਦੌਰਾਨ ਘਰ ਵਿੱਚ ਮੌਜੂਦ 5 ਲੋਕਾਂ 'ਚੋਂ ਇੱਕ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਸ਼ਖ਼ਸ ਅਸ਼ੋਕ ਕੁਮਾਰ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਹਨ। ਜਾਣਕਾਰੀ ਮੁਤਾਬਕ, ਰੈਨਾ ਦੀ ਭੂਆ ਅਤੇ ਉਨ੍ਹਾਂ ਦਾ ਇੱਕ ਬੇਟਾ ਅਜੇ ਵੀ ਹਸਪਤਾਲ 'ਚ ਜੇਰ-ਏ-ਇਲਾਜ ਹਨ। ਉਨ੍ਹਾਂ ਦੇ ਇੱਕ ਬੇਟੇ ਅਤੇ ਸੱਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਰੈਨਾ ਦੀ ਭੁਆ ਦਾ ਇਲਾਜ ਚੱਲ ਰਿਹਾ ਹੈ, ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸੁਰੇਸ਼ ਰੈਨਾ ਪਠਾਨਕੋਟ ਆ ਸਕਦੇ ਹਨ।
ਪਠਾਨਕੋਟ ਪੁਲਿਸ ਵਲੋਂ ਇਸ ਮਾਮਲੇ 'ਚ ਕੇਸ ਦਰਜ਼ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਠਾਨਕੋਟ ਦੇ ਐਸ. ਪੀ. ਪ੍ਰਭਜੋਤ ਸਿੰਘ ਵਿਰਕ ਨੇ ਇਸ ਬਾਰੇ ਦੱਸਿਆ ਕਿ 19 -20 ਅਗਸਤ ਦੇ ਦੇਰ ਰਾਤ ਇੱਕ ਘਰ 'ਚ ਲੁੱਟ ਦੀ ਨੀਯਤ ਨਾਲ ਪਰਿਵਾਰ 'ਤੇ ਹਮਲੇ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਇਸ ਬਾਬਤ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਪਰਿਵਾਰ ਸੁਰੇਸ਼ ਰੈਨਾ ਦਾ ਰਿਸ਼ਤੇਦਾਰ ਹੈ। ਹਾਲਾਂਕਿ ਕੀ ਸੁਰੇਸ਼ ਰੈਨਾ ਦਾ ਵਾਪਸੀ ਦਾ ਕਾਰਨ ਇਹ ਹੈ ਜਾਂ ਨਹੀਂ, ਇਸ ਬਾਰੇ ਕੁਝ ਸਪਸ਼ਟ ਨਹੀਂ ਹੈ।