ਨਵੀਂ ਦਿੱਲੀ : ਸੀਪੀਐਮ ਨੇ GST ਕੌਂਸਲ ਦੀ ਕਮੀ ਦੇ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਦਾਅਵਾ ਕੀਤਾ ਕਿ ਉਹ ਸਨਅਤਕਾਰਾਂ ਨਾਲ ਮਿਲੀਭੁਗਤ, ਨਾਕਾਮ ਨੀਤੀਆਂ ਅਤੇ ਸਖ਼ਤ ਰਵਈਏ ਨਾਲ ਅਰਥਚਾਰੇ ਨੂੰ ਬਰਬਾਦ ਕਰ ਕੇ 'ਭਗਵਾਨ ਨੂੰ ਦੋਸ਼ ਦੇ ਰਹੀ ਹੈ।' ਵਿੱਤ ਮੰਤਰੀ ਨਿਰਮਲਾ ਸੀਤਾਰਣ ਨੇ ਕੌਂਸਲ ਦੀ ਬੈਠਕ ਮਗਰੋਂ ਕਿਹਾ ਸੀ ਕਿ ਅਰਥਚਾਰਾ ਕੋਵਿਡ-19 ਮਹਾਂਮਾਰੀ ਤੋਂ ਪ੍ਰਭਾਵਤ ਹੋਇਆ ਹੈ ਜੋ ਇਕ ਦੈਵੀ ਘਟਨਾ ਹੈ ਅਤੇ ਇਸ ਨਾਲ ਚਾਲੂ ਵਿੱਤ ਵਰ੍ਹੇ ਵਿਚ ਅਰਥਚਾਰੇ ਵਿਚ ਨਰਮੀ ਆਵੇਗੀ।
ਸੀਤਾਰਮਣ ਦੇ ਬਿਆਨ 'ਤੇ CPM ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ, 'ਜੇ ਜ਼ਰੂਰੀ ਹੋਵੇ ਤਾਂ ਕੇਂਦਰ ਸਰਕਾਰ ਕਰਜ਼ਾ ਲੈ ਕੇ ਰਾਜਾਂ ਦੇ ਬਕਾਏ ਦਾ ਭੁਗਤਾਨ ਕਰੇ। ਰਾਜ ਸਰਕਾਰਾਂ ਕਰਜ਼ਾ ਕਿਉਂ ਲੈਣ? ਕੀ ਇਸ ਨੂੰ ਸਹਿਕਾਰੀ ਸੰਘਵਾਦ ਕਹਿੰਦੇ ਹਨ? ਭਾਰਤੀ ਅਰਥਚਾਰੇ ਨੂੰ ਬਰਬਾਦ ਕਰਨ ਮਗਰੋਂ ਰਾਜਾਂ ਨੂੰ ਲੁਟਿਆ ਜਾ ਰਿਹਾ ਹੈ। ਦੈਵੀ ਕਾਰਨ ਦੱਸ ਕੇ।' ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨਾਲ ਮਿਲੀਭੁਗਤ, ਅਸਮਰੱਥਾ ਅਤੇ ਅਸੰਵੇਦਨਸ਼ੀਲਤਾ ਕਾਰਨ ਮਹਾਂਮਾਰੀ ਤੋਂ ਕਾਫ਼ੀ ਪਹਿਲਾਂ ਹੀ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਸਨ, ਹੁਣ ਭਗਵਾਨ ਨੂੰ ਕੋਸਿਆ ਜਾ ਰਿਹਾ ਹੈ।' ਕੇਂਦਰ ਦੇ ਅਨੁਮਾਨ ਮੁਤਾਬਕ ਚਾਲੂ ਵਿੱਤ ਵਰ੍ਹੇ ਵਿਚ ਨੁਕਸਾਨ ਦੀ ਪੂਰਤੀ ਵਜੋਂ ਰਾਜਾਂ ਨੂੰ 3 ਲੱਖ ਕਰੋੜ ਰੁਪਏ ਦੀ ਲੋੜ ਪਵੇਗੀ ਜਿਸ ਵਿਚੋਂ 65000 ਕਰੋੜ ਰੁਪਏ ਦੀ ਭਰਪਾਈ GST ਤਹਿਤ ਲਾਏ ਗਏ ਉਪਕਰ ਤੋਂ ਪ੍ਰਾਪਤ ਰਕਮ ਨਾਲ ਹੋਵੇਗੀ। ਇਸ ਲਈ 2.35 ਲੱਖ ਕਰੋੜ ਰੁਪਏ ਦਾ ਕੁਲ ਘਾਟਾ ਪੈਣ ਦਾ ਅਨੁਮਾਨ ਹੈ।