ਸੁਸ਼ਾਂਤ ਦੀ ਮੌਤ, ਦੋਹਾਂ ਦੇ ਰਿਸ਼ਤਿਆਂ ਸਣੇ ਕਈ ਸਵਾਲ ਪੁੱਛੇ
ਮੁੰਬਈ : ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਅਦਾਕਾਰਾ ਰੀਆ ਚਕਰਵਰਤੀ ਕੋਲੋਂ ਸੀਬੀਆਈ ਨੇ ਪਹਿਲੀ ਵਾਰ ਪੁੱਛ-ਪੜਤਾਲ ਕੀਤੀ ਹੈ। ਉਸ ਨੂੰ ਸੀਬੀਆਈ ਦੁਆਰਾ ਸਵੇਰੇ ਦਸ ਵਜੇ ਹਾਜ਼ਰ ਹੋਣ ਲਈ ਸੰਮਨ ਭੇਜਿਆ ਗਿਆ ਸੀ। ਇਸ ਮਾਮਲੇ ਵਿਚ ਸੀਬੀਆਈ ਨੂੰ ਮੁੰਬਈ ਵਿਚ ਜਾਂਚ ਕਰਦਿਆਂ ਸੱਤ ਦਿਨ ਹੋ ਗਏ ਹਨ ਅਤੇ ਸ਼ੁਕਰਵਾਰ ਨੂੰ ਅਠਵਾਂ ਦਿਨ ਸੀ। ਜਾਂਚ ਏਜੰਸੀ ਨੇ ਹੁਣ ਤਕ ਸੁਸ਼ਾਂਤ ਨਾਲ ਜੁੜੇ ਕਈ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਕੀਤੀ ਹੈ। ਸੂਤਰਾਂ ਮੁਤਾਬਕ ਸੀਬੀਆਈ ਨੇ ਰੀਆ ਕੋਲੋਂ ਦਸ ਸਵਾਲ ਪੁੱਛੇ।
ਸੂਤਰਾਂ ਨੇ ਦਸਿਆ ਕਿ ਰੀਆ ਦਾ ਬਿਆਨ ਸੀਬੀਆਈ ਦੀ ਟੀਮ ਦੀ ਸੀਨੀਅਰ ਅਧਿਕਾਰੀ ਨੂਪੁਰ ਪ੍ਰਸਾਦ ਨੇ ਰੀਕਾਰਡ ਕੀਤਾ। ਏਜੰਸੀ ਸੁਸ਼ਾਂਤ ਦੇ ਪਿਤਾ ਦੁਆਰਾ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਰੀਆ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ। ਰੀਆ ਸੁਸ਼ਾਂਤ ਨਾਲ ਬਿਨਾਂ ਵਿਆਹ ਕਰਵਾਏ ਰਹਿੰਦੀ ਸੀ ਅਤੇ ਉਸ ਵਿਰੁਧ ਸੁਸ਼ਾਂਤ ਦੇ ਪੈਸੇ ਹੜੱਪਣ ਸਣੇ ਹੋਰ ਕਈ ਗੰਭੀਰ ਦੋਸ਼ ਲਾਏ ਜਾ ਰਹੇ ਹਨ।
ਸੁਸ਼ਾਂਤ ਦੇ ਪਿਤਾ ਦਾ ਕਹਿਣਾ ਹੈ ਕਿ ਰੀਆ ਅਤੇ ਉਸ ਦੇ ਪਰਵਾਰ ਨੇ ਹੀ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਸੀ। ਸੂਤਰਾਂ ਮੁਤਾਬਕ ਸੀਬੀਆਈ ਨੇ ਰੀਆ ਨੂੰ ਪੁਛਿਆ ਕਿ ਸੁਸ਼ਾਂਤ ਦੀ ਮੌਤ ਬਾਰੇ ਉਸ ਨੂੰ ਕਿਸ ਨੇ ਜਾਣਕਾਰੀ ਦਿਤੀ ਅਤੇ ਉਸ ਵਕਤ ਉਹ ਕਿਥੇ ਸੀ? ਉਸ ਨੂੰ ਪੁਛਿਆ ਗਿਆ, 'ਕੀ ਉਹ ਸੁਸ਼ਾਂਤ ਦੇ ਘਰੋਂ ਇਸ ਲਈ ਚਲੀ ਗਈ ਕਿਉਂਕਿ ਦੋਹਾਂ ਵਿਚਾਲੇ ਝਗੜਾ ਹੋਇਆ ਸੀ? ਕੀ ਬਾਅਦ ਵਿਚ ਦੋਹਾਂ ਵਿਚਾਲੇ ਗੱਲਬਾਤ ਹੋਈ? 9 ਜੂਨ ਤੋਂ ਲੈ ਕੇ 14 ਜੂਨ ਵਿਚਾਲੇ ਕੋਈ ਗੱਲਬਾਤ ਹੋਈ? ਮੌਤ ਦੀ ਖ਼ਬਰ ਸੁਣਦਿਆਂ ਹੀ ਉਹ ਸੁਸ਼ਾਂਤ ਦੇ ਘਰ ਗਈ ਸੀ? ਜੇ ਨਹੀਂ ਤਾਂ ਇਸ ਦਾ ਕਾਰਨ ਕੀ ਸੀ? ਇਸੇ ਤਰ੍ਹਾਂ ਪੁੱਛੇ ਗਏ ਹੋਰ ਸਵਾਲਾਂ ਵਿਚ ਉਸ ਨੇ ਸੁਸ਼ਾਂਤ ਦੀ ਲਾਸ਼ ਕਦੋਂ ਵੇਖੀ, ਉਸ ਨੇ 8 ਜੂਨ ਨੂੰ ਸੁਸ਼ਾਂਤ ਦਾ ਘਰ ਕਿਉੋਂ ਛੱਡਿਆ? ਯੂਰਪ ਘੁੰਮਣ ਦੋਵੇਂ ਜਣੇ ਕਦੋਂ ਗਏ ਅਤੇ ਕੀ ਕੋਈ ਪਰਵਾਰਕ ਜੀਅ ਵੀ ਨਾਲ ਸੀ? ਸੀਬੀਆਈ ਨੇ ਪੁਛਿਆ ਕਿ ਕੀ ਰੀਆ ਨੇ ਸੁਸ਼ਾਂਤ ਨੂੰ ਕੋਈ ਦਵਾਈ ਦਿਤੀ ਜਾਂ ਫਿਰ ਡਾਕਟਰ ਕੋਲੋਂ ਸੁਸ਼ਾਂਤ ਨੂੰ ਵਿਖਾਉਣ ਲਈ ਸਮਾਂ ਲਿਆ ਸੀ? ਦੋਹਾਂ ਦੇ ਰਿਸ਼ਤਿਆਂ ਅਤੇ ਰੀਆ ਦੇ ਸੁਸ਼ਾਂਤ ਦੇ ਪਰਵਾਰ ਨਾਲ ਰਿਸ਼ਤੇ ਬਾਰੇ ਵੀ ਸਵਾਲ ਕੀਤੇ ਗਏ।