ਬੰਗਲੌਰ : ਕਾਂਗਰਸ ਦੇ ਸੀਨੀਅਰ ਆਗੂ ਵੀਰੱਪਾ ਮੋਇਲੀ ਨੇ ਕਿਹਾ ਕਿ ਜੇ ਉਨ੍ਹਾਂ ਨੇ ਪਾਰਟੀ ਵਿਚ ਵੱਡੇ ਪੱਧਰ 'ਤੇ ਬਦਲਾਅ ਕਰਨ ਵਾਸਤੇ ਚਿੱਠੀ ਲਿਖ ਕੇ ਸੋਨੀਆ ਗਾਂਧੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਉਨ੍ਹਾਂ ਨੂੰ ਇਸ ਦਾ ਦੁੱਖ ਹੈ।
ਮੋਇਲੀ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਸੋਨੀਆ ਦੀ ਅਗਵਾਈ 'ਤੇ ਸਵਾਲ ਨਹੀਂ ਚੁਕਿਆ। ਮੋਇਲੀ ਵੀ ਚਿੱਠੀ ਲਿਖਣ ਵਾਲੇ ਆਗੂਆਂ ਵਿਚ ਸ਼ਾਮਲ ਹਨ। ਮੋਇਲੀ ਨੇ ਇਹ ਚਿੱਠੀ ਮੀਡੀਆ ਨੂੰ ਲੀਕ ਹੋਣ 'ਤੇ ਅਫ਼ਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਇਸ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਾਉਣ ਵਾਸਤੇ ਅੰਦਰੂਨੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੱਤਰ ਲਿਖਣ ਵਾਲੇ 23 ਆਗੂਆਂ ਵਿਚੋਂ ਕਿਸੇ ਦਾ ਵੀ ਇਰਾਦਾ ਕਾਂਗਰਸ ਛੱਡਣ ਦਾ ਨਹੀਂ। ਉਨ੍ਹਾਂ ਕਿਹਾ ਕਿ ਉਹ ਸੋਨੀਆ ਗਾਂਧੀ ਦੀ ਕੁਰਬਾਨੀ ਨੂੰ ਪ੍ਰਵਾਨ ਕਰਦੇ ਹਨ।