ਲਿਸਬਨ : ਜਰਮਨੀ ਦੀ ਟੀਮ ਬਾਇਰਨ ਮਿਊਨਿਖ ਨੇ ਯੂਏਫਾ ਚੈਂਪੀਅਨਜ਼ ਲੀਗ ਦੇ ਫਾਈਨਲ 'ਚ ਪੈਰਿਸ ਦੀ ਸੇਂਟ ਜਰਮੇਨ ਕਲੱਬ ਨੂੰ ਹਰਾ ਕੇ ਛੇਵੀਂ ਵਾਰ ਖ਼ਿਤਾਬ 'ਤੇ ਕਬਜ਼ਾ ਕੀਤਾ। ਐਤਵਾਰ ਰਾਤ ਖੇਡੇ ਗਏ ਇਕ ਰੋਮਾਂਚਕ ਮੁਕਾਬਲੇ 'ਚ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ 1-0 ਨਾਲ ਪੀਐੱਸਜੀ ਨੂੰ ਮਾਤ ਦਿੰਦੇ ਹੋਏ ਇਸ ਖ਼ਿਤਾਬ ਨੂੰ ਜਿੱਤਿਆ। ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਲੰਬੇ ਸਮੇਂ ਤਕ ਮੁਲਤਵੀ ਰਹੇ ਟੂਰਨਾਮੈਂਟ ਨੂੰ 425 ਦਿਨਾਂ ਤੋਂ ਬਾਅਦ ਆਪਣਾ ਚੈਂਪੀਅਨ ਮਿਲਿਆ ਹੈ।
ਜਰਮਨੀ ਦੀ ਚੈਂਪੀਅਨ ਟੀਮ ਨੇ ਪਹਿਲੀ ਵਾਰ ਫਾਈਨਲ 'ਚ ਪੁੱਜੀ ਪੀਐੱਸਜੀ ਦਾ ਸੁਪਨਾ ਤੋੜਦੇ ਹੋਏ ਖ਼ਿਤਾਬ ਆਪਣੇ ਨਾਂ ਕੀਤਾ। ਪੀਐੱਸਜੀ ਦੇ ਸਭ ਤੋਂ ਮਹਿੰਗੇ ਖਿਡਾਰੀ ਨੇਮਾਰ ਦਾ ਕੋਈ ਜਾਦੂ ਇਸ ਮੈਚ ਵਿਚ ਨਹੀਂ ਚੱਲ ਸਕਿਆ। ਦੋ ਵਾਰ ਉਨ੍ਹਾਂ ਨੂੰ ਫਾਈਨਲ 'ਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਉਹ ਖੁੰਝ ਗਏ। ਇਸੇ ਵਜ੍ਹਾ ਨਾਲ ਟੀਮ ਦੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਸੁਪਨਾ ਟੁੱਟ ਗਿਆ। ਬਿਨਾਂ ਦਰਸ਼ਕਾਂ ਦੇ ਖੇਡੇ ਗਏ ਇਸ ਫਾਈਨਲ ਮੈਚ ਵਿਚ ਵੀ ਰੋਮਾਂਚ ਸਿਖ਼ਰ 'ਤੇ ਰਿਹਾ।
ਮੈਚ ਦੇ 50ਵੇਂ ਮਿੰਟ ਵਿਚ ਮਿਊਨਿਖ ਦੇ ਹੀਰੋ ਕਿੰਗਸਲੇ ਕੋਮੈਨ ਨੇ ਮੈਚ ਦਾ ਇੱਕੋ-ਇਕ ਗੋਲ ਕੀਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਨੇ ਗੋਲ ਕਰਨ ਦੀਆਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਪਰ ਪੂਰੇ ਮੈਚ 'ਚ 1 ਹੀ ਗੋਲ ਦੇਖਣ ਨੂੰ ਮਿਲਿਆ। ਕੋਮੈਨ ਦਾ ਗੋਲ ਹੀ ਮੈਚ ਵਿਚ ਫ਼ੈਸਲਾਕੁਨ ਸਾਬਤ ਹੋਇਆ ਅਤੇ ਟੀਮ ਨੇ ਛੇਵੀਂ ਵਾਰ ਖ਼ਿਤਾਬ 'ਤੇ ਕਬਜ਼ਾ ਕੀਤਾ।
ਛੇਵੀਂ ਵਾਰ ਚੈਂਪੀਅਨ ਬਣਿਆ ਮਿਊਨਿਖ
ਇਹ ਛੇਵਾਂ ਮੌਕਾ ਹੈ ਜਦੋਂ ਬਾਇਰਨ ਮਿਊਨਿਖ ਦੀ ਟੀਮ ਨੇ ਚੈਂਪੀਅਨਜ਼ ਲੀਗ ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ। ਸਭ ਤੋਂ ਜ਼ਿਆਦਾ ਵਾਰ ਖ਼ਿਤਾਬ ਜਿੱਤਣ ਦੇ ਮਾਮਲੇ ਵਿਚ ਮਿਊਨਿਖ ਦੀ ਟੀਮ ਹੁਣ ਸਾਂਝੇ ਰੂਪ ਨਾਲ ਤੀਜੇ ਨੰਬਰ 'ਤੇ ਆ ਗਈ ਹੈ। ਰੀਅਲ ਮੈਡ੍ਰਿਡ ਦੀ ਟੀਮ ਟਾਪ 'ਤੇ ਹੈ। ਉਸ ਨੇ 13 ਵਾਰ ਇਸ ਖ਼ਿਤਾਬ ਨੂੰ ਆਪਣੇ ਨਾਂ ਕੀਤਾ ਹੈ। ਦੂਜੇ ਨੰਬਰ 'ਤੇ 7 ਵਾਰ ਖ਼ਿਤਾਬ ਜਿੱਤਣ ਵਾਲੀ ਮਿਲਾਨ ਦੀ ਟੀਮ ਹੈ। ਮਿਊਨਿਖ ਨੇ ਛੇਵੀਂ ਵਾਰ ਲਿਵਰਪੂਲ ਵਾਂਗ ਚੈਂਪੀਅਨਜ਼ ਲੀਗ ਜਿੱਤਣ ਦੀ ਬਰਾਬਰੀ ਕਰ ਲਈ ਹੈ।