ਨਵੀਂ ਦਿੱਲੀ : ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਫ਼ਿਲਮਾਂ ਅਤੇ ਟੈਲੀਵਿਜ਼ਨ ਨਾਟਕਾਂ ਦਾ ਨਿਰਮਾਣ ਮੁੜ ਸ਼ੁਰੂ ਕਰਨ ਵਾਸਤੇ ਐਤਵਾਰ ਨੂੰ ਆਮ ਸੰਚਾਲਨ ਕਵਾਇਦ (ਐਸਓਪੀ) ਦਾ ਐਲਾਨ ਕੀਤਾ। ਜਾਵੜੇਕਰ ਨੇ ਕਿਹਾ ਕਿ ਸਿਹਤ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਨਾਲ ਵਿਚਾਰ ਕਰਨ ਮਗਰੋਂ SOP ਨੂੰ ਅੰਤਮ ਰੂਪ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਲਾਗ ਨੂੰ ਵੇਖਦਿਆਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਆਧਾਰ 'ਤੇ ਫ਼ਿਲਮਾਂ ਅਤੇ ਟੀਵੀ ਨਾਟਕਾਂ ਲਈ ਸ਼ੂਟਿੰਗ ਸ਼ੁਰੂ ਕੀਤੀ ਜਾ ਸਕਦੀ ਹੈ।
ਐਸਓਪੀ ਦਾ ਵੇਰਵਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਕੈਮਰੇ ਅੱਗੇ ਜਿਹੜੇ ਲੋਕ ਕੰਮ ਕਰਦੇ ਹਨ, ਉਨ੍ਹਾਂ ਨੂੰ ਛੱਡ ਕੇ ਬਾਕੀ ਲੋਕਾਂ ਨੂੰ ਮਾਸਕ ਪਾਉਣਾ ਪਵੇਗਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਐਸਓਪੀ ਜਾਰੀ ਹੋਣ ਨਾਲ ਨਾਲ ਸਿਰਫ਼ ਫ਼ਿਲਮਾਂ ਅਤੇ ਨਾਟਕਾਂ ਦੀ ਸ਼ੂਟਿੰਗ ਮੁੜ ਸ਼ੁਰੂ ਹੋਵੇਗੀ ਸਗੋਂ ਰੁਜ਼ਗਾਰ ਵੀ ਪੈਦਾ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਮਾਰੂ ਬੀਮਾਰੀ ਫੈਲਣ ਮਗਰੋਂ ਫ਼ਿਲਮਾਂ ਅਤੇ ਟੀਵੀ ਨਾਟਕਾਂ ਦੀ ਸ਼ੂਟਿੰਗ 'ਤੇ ਰੋਕ ਲਾ ਦਿਤੀ ਗਈ ਸੀ।