ਨਵੀਂ ਦਿੱਲੀ : ਕਾਂਗਰਸ ਕਾਰਜਕਾਰਣੀ ਦੀ ਸੋਮਵਾਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਪਾਰਟੀ ਅੰਦਰ ਵੱਖ ਵੱਖ ਸੁਰ ਉਭਰਨ ਲੱਗੇ ਹਨ। ਜਿਥੇ ਮੌਜੂਦਾ ਸੰਸਦ ਮੈਂਬਰਾਂ ਅਤੇ ਸਾਬਕਾ ਮੰਤਰੀਆਂ ਦੇ ਵਰਗ ਨੇ ਸਮੂਹਕ ਅਗਵਾਈ ਦੀ ਮੰਗ ਕੀਤੀ ਹੈ, ਉਥੇ ਇਕ ਹੋਰ ਵਰਗ ਨੇ ਰਾਹੁਲ ਗਾਂਧੀ ਦੀ ਪਾਰਟੀ ਪ੍ਰਧਾਨ ਵਜੋਂ ਵਾਪਸੀ ਦੀ ਪੁਰਜ਼ੋਰ ਵਕਾਲਤ ਕੀਤੀ ਹੈ। ਕੁੱਝ ਸਾਬਕਾ ਮੰਤਰੀਆਂ ਸਣੇ ਦੋ ਦਰਜਨ ਕਾਂਗਰਸ ਆਗੂਆਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੋਲੋਂ ਪਾਰਟੀ ਵਿਚ ਵੱਡੇ ਬਦਲਾਅ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਪੱਤਰ ਲਿਖਿਆ ਹੈ ਜਦਕਿ ਰਾਹੁਲ ਦੇ ਕਰੀਬੀ ਕੁੱਝ ਆਗੂਆਂ ਨੇ ਕਾਰਜਕਾਰਣੀ ਨੂੰ ਪਾਰਟੀ ਮੁਖੀ ਵਜੋਂ ਉਸ ਦੀ ਵਾਪਸੀ ਲਈ ਪੱਤਰ ਲਿਖਿਆ ਹੈ।
ਸੋਨੀਆ ਨੂੰ ਅਗਵਾਈ ਲਈ ਲਿਖਿਆ ਪੱਤਰ
ਸਮਝਿਆ ਜਾਂਦਾ ਹੈ ਕਿ ਸਾਬਕਾ ਮੰਤਰੀਆਂ ਅਤੇ ਕੁੱਝ ਸੰਸਦ ਮੈਂਬਰਾਂ ਨੇ ਕੁੱਝ ਹਫ਼ਤੇ ਪਹਿਲਾਂ ਇਹ ਪੱਤਰ ਲਿਖਿਆ ਜਿਸ ਤੋਂ ਬਾਅਦ ਸੀਡਬਲਿਊਸੀ ਦੀ ਬੈਠਕ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ। ਬੈਠਕ ਵਿਚ ਨਾਰਾਜ਼ ਆਗੂਆਂ ਦੁਆਰਾ ਚੁਕੇ ਗਏ ਮੁੱÎਦਿਆਂ 'ਤੇ ਚਰਚਾ ਅਤੇ ਬਹਿਸ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਆਗੂਆਂ ਨੇ ਤਾਕਤ ਦੇ ਵਿਕੇਂਦਰੀਕਰਨ, ਪ੍ਰਦੇਸ਼ ਇਕਾਈਆਂ ਦੀ ਮਜ਼ਬੂਤੀ ਅਤੇ ਕੇਂਦਰੀ ਸੰਸਦੀ ਬੋਰਡ ਦੇ ਗਠਨ ਜਿਹੇ ਸੁਧਾਰ ਲਿਆ ਕੇ ਪਾਰਟੀ ਵਿਚ ਵੱਡਾ ਬਦਲਾਅ ਕਰਨ ਦਾ ਸੱਦਾ ਦਿਤਾ ਹੈ। ਜਿਵੇਂ ਕੇਂਦਰੀ ਬੋਰਡ 1970 ਦੇ ਦਹਾਕੇ ਤਕ ਕਾਂਗਰਸ ਵਿਚ ਸੀ ਪਰ ਉਸ ਨੂੰ ਬਾਅਦ ਵਿਚ ਖ਼ਤਮ ਕਰ ਦਿਤਾ ਗਿਆ। ਇਸ ਚਿੱਠੀ ਵਿਚ ਸਮੂਹਕ ਰੂਪ ਵਿਚ ਫ਼ੈਸਲਾ ਕਰਨ 'ਤੇ ਜ਼ੋਰ ਦਿਤਾ ਗਿਆ ਹੈ ਅਤੇ ਉਸ ਕਵਾਇਦ ਵਿਚ ਗਾਂਧੀ ਪਰਵਾਰ ਨੂੰ ਅਭਿੰਨ ਹਿੱਸਾ ਬਣਾਉਣ ਦੀ ਬੇਨਤੀ ਕੀਤੀ ਗਈ ਹੈ। ਇਨ੍ਹਾਂ ਆਗੂਆਂ ਨੇ ਕੁਲਵਕਤੀ ਪ੍ਰਧਾਨ ਦੀ ਨਿਯੁਕਤੀ ਦੀ ਵੀ ਮੰਗ ਕੀਤੀ ਹੈ ਜੋ ਸਰਗਰਮ ਹੋਵੇ ਅਤੇ ਜਿਸ ਨਾਲ ਕਾਰਕੁਨ ਤੇ ਆਗੂ ਆਸਾਨੀ ਨਾਲ ਸੰਪਰਕ ਕਰ ਸਕਣ। ਸਮਝਿਆ ਜਾਂਦਾ ਹੈ ਕਿ ਸੁਧਾਰ ਦੇ ਹਮਾਇਤੀ ਆਗੂਆਂ ਨੇ ਪਾਰਟੀ ਅੰਦਰ ਹੇਠਲੇ ਪੱਧਰ ਤੋਂ ਉਪਰ ਤਕ ਆਜ਼ਾਦ ਅਤੇ ਨਿਰਪੱਖ ਚੋਣਾਂ ਦੀ ਵੀ ਮੰਗ ਰੱਖੀ ਹੈ। ਕਾਰਜਕਾਰਣੀ ਨੇ 2019 ਵਿਚ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਰਾਹੁਲ ਨੇ ਇਸ ਅਹੁਦੇ 'ਤੇ ਰਹਿਣ ਦੀ ਕਾਰਕਜਕਾਰੀ ਦੀ ਅਪੀਲ ਮੰਨਣ ਤੋਂ ਇਨਕਾਰ ਕਰ ਦਿਤਾ ਸੀ। ਸੰਸਦ ਮੈਂਬਰ ਮਣੀਕਮ ਟੈਗੋਰ ਤੋਂ ਇਲਾਵਾ ਤੇਲੰਗਾਨਾਂ ਦੇ ਸਾਬਕਾ ਸੰਸਦ ਮੈਂਬਰ ਅਤੇ ਪਾਰਟੀ ਦੇ ਮਹਾਰਾਸ਼ਟਰ ਮਾਮਲਿਆਂ ਦੇ ਇੰਚਾਰਜ ਚੱਲਾ ਵਾਮਸੀ ਚੰਦ ਰੈਡੀ ਨੇ ਵੀ ਰਾਹੁਲ ਨੂੰ 'ਹੁਣ ਬਿਨਾਂ ਕਿਸੇ ਦੇਰ' ਕਾਂਗਰਸ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਹੈ।