ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਉਨ੍ਹਾਂ 29 ਖਿਡਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਦੀ ਸਿਫਾਰਸ਼ ਖੇਡ ਮੰਤਰਾਲੇ ਦੀ ਪੁਰਸਕਾਰ ਚੋਣ ਕਮੇਟੀ ਨੇ ਮੰਗਲਵਾਰ ਨੂੰ ਇਸ ਸਾਲ ਦੇ ਅਰਜੁਨ ਪੁਰਸਕਾਰ ਲਈ ਕੀਤੀ ਹੈ। ਪੁਰਸ਼ ਰਿਕਰਵ ਤੀਰਅੰਦਾਜ਼ ਅਤਾਨੁ ਦਾਸ, ਮਹਿਲਾ ਹਾਕੀ ਖਿਡਾਰੀ ਦੀਪਿਕਾ ਠਾਕੁਰ, ਕ੍ਰਿਕਟਰ ਦੀਪਕ ਹੁੱਡਾ ਅਤੇ ਟੈਨਿਸ ਖਿਡਾਰੀ ਦਿਵਿਜ ਸ਼ਰਨ ਦੇ ਨਾਮ ਵੀ ਇਸ ਵੱਕਾਰੀ ਪੁਰਸਕਾਰ ਲਈ ਸਿਫਾਰਸ਼ ਕੀਤੇ ਗਏ ਹਨ। ਅਧਿਕਾਰਤ ਸੂਤਰਾਂ ਵਲੋਂ ਇਹ ਜਾਣਕਾਰੀ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਦਿੱਤੀ ਗਈ ਹੈ। ਇਸ਼ਾਂਤ ਨੇ ਹੁਣ ਤੱਕ ਭਾਰਤ ਲਈ 97 ਟੈਸਟ ਅਤੇ 80 ਵਨਡੇ ਮੈਚ ਖੇਡੇ ਹਨ ਅਤੇ 400 ਦੇ ਕਰੀਬ ਅੰਤਰਰਾਸ਼ਟਰੀ ਵਿਕਟਾਂ ਆਪਣੇ ਨਾਮ ਕੀਤੀਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਓਲੰਪਿਕ ਕਾਂਸੀ ਦਾ ਤਗਮਾ ਜੇਤੂ ਸਾਕਸ਼ੀ ਮਲਿਕ ਅਤੇ ਸਾਬਕਾ ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵੀ ਕਮੇਟੀ ਦਾ ਸਮਰਥਨ ਮਿਲਿਆ ਹੈ ਪਰ ਆਖਰੀ ਫੈਸਲਾ ਖੇਡ ਮੰਤਰੀ ਕਿਰਨ ਰਿਜੀਜੂ 'ਤੇ ਛੱਡ ਦਿੱਤਾ ਗਿਆ ਹੈ ਕਿਉਂਕਿ ਇਹ ਦੋਵੇਂ ਮਹਿਲਾ ਖਿਡਾਰੀਆਂ ਨੂੰ ਪਹਿਲਾਂ ਖੇਲ ਰਤਨ ਪੁਰਸਕਾਰ ਪਹਿਲਾਂ ਹੀ ਮਿਲ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸਾਕਸ਼ੀ ਨੂੰ ਸਾਲ 2016 ਵਿੱਚ ਰੀਓ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਖੇਡ ਰਤਨ ਪੁਰਸਕਾਰ ਦਿੱਤਾ ਗਿਆ ਸੀ, ਜਦਕਿ ਮੀਰਾਬਾਈ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਣ ਲਈ 2018 ‘ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਇਹ ਪੁਰਸਕਾਰ ਹਾਸਲ ਕੀਤਾ ਸੀ।