ਘਨੌਰ ਕਲਾਂ : ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਘਨੌਰ ਕਲਾਂ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਸਰਕਾਰੀ ਨੌਕਰੀ, ਮਾਲੀ ਮਦਦ ਅਤੇ ਮਕਾਨ ਬਣਾਉਣ ਲਈ ਆਰਥਿਕ ਮੱਦਦ ਆਦਿ ਮੰਗਾਂ ਨੂੰ ਲੈ ਕੇ 15 ਅਗਸਤ ਆਜ਼ਾਦੀ ਦਿਹਾੜੇ ਵਾਲੇ ਦਿਨ ਰੋਸ ਜਾਹਰ ਕਰਦਿਆਂ ਸੁਤੰਤਰਤਾ ਸੰਗਰਾਮੀ ਤੇ ਆਜ਼ਾਦੀ ਘੁਲਾਟੀਏ ਸਵ. ਪੰਡਿਤ ਬਚਨ ਸਿੰਘ ਦੇ ਵਾਰਸ ਉਨ੍ਹਾਂ ਦੇ ਦੋ ਪੋਤਰੇ ਕਰਮਜੀਤ ਸਿੰਘ ਅਤੇ ਪਰਮਜੀਤ ਸਿੰਘ ਪਿੰਡ ਵਿਚਲੀ ਸਰਕਾਰੀ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਦੋਹਾਂ ਭਰਾਵਾਂ ਲਈ ਪੱਕੀ ਸਰਕਾਰੀ ਨੌਕਰੀ, ਮਾਲੀ ਮਦਦ ਅਤੇ ਘਰ ਬਣਾਉਣ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਰਕਾਰ ਉਨ੍ਹਾਂ ਨੂੰ ਸਿਰਫ ਆਜ਼ਾਦੀ ਦਿਹਾੜੇ ਅਤੇ ਹੋਰ ਸਮਾਗਮਾਂ ਉੱਪਰ ਬੁਲਾਕੇ ਮਿਠਾਈ ਦੇ ਡੱਬੇ ਅਤੇ ਸਨਮਾਨ ਚਿੰਨ ਆਦਿ ਦੇ ਕੇ ਸਾਰ ਦਿੰਦੀ ਹੈ ਤੇ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਹੈ ਤੇ ਨਾ ਹੀ ਹੁਣ ਤੱਕ ਉਨ੍ਹਾਂ ਨੂੰ ਕੋਈ ਸਰਕਾਰੀ ਨੌਕਰੀ ਤੇ ਨਾ ਹੀ ਕੋਈ ਮਾਲੀ ਮੱਦਦ ਦਿੱਤੀ ਗਈ ਹੈ। ਜਿਸ ਕਰ ਕੇ ਮਜਬੂਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਜ਼ਿਕਰਯੋਗ ਹੈ ਕਿ ਪੰਡਿਤ ਬਚਨ ਸਿੰਘ ਦੇ ਪੰਜ ਪੋਤਰੇ ਸਨ, ਜਿਨ੍ਹਾਂ ਵਿੱਚੋਂ ਇੱਕ ਫੌਜ ਦੀ ਨੌਕਰੀ ਕਰ ਕੇ ਪੈਨਸ਼ਨ ਆ ਚੁੱਕਾ ਹੈ, ਦੂਜਾ ਵੀ ਫੌਜ ਦੀ ਨੌਕਰੀ ਕਰ ਰਿਹਾ ਹੈ ਤੇ ਇੱਕ ਦੀ ਮੌਤ ਹੋ ਚੁੱਕੀ ਹੈ। ਇਹ ਦੋ ਪੋਤਰੇ ਟੈਂਕੀ 'ਤੇ ਚੜ੍ਹੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਦੋਨਾਂ ਭਰਾਵਾਂ ਦੀ ਪੱਕੀ ਨੌਕਰੀ ਦਾ ਪੱਤਰ ਨਹੀਂ ਮਿਲ ਜਾਂਦਾ, ਉਨੀ ਦੇਰ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਦੋ ਦਿਨ ਤੋਂ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਹੇਠਾਂ ਉਤਰਨ ਲਈ ਗ੍ਰਾਮ ਪੰਚਾਇਤ ਅਤੇ ਹੋਰ ਮੋਹਤਬਰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਕੋਸ਼ਿਸ਼ਾਂ ਜਾਰੀ ਹਨ।