ਚੰਡੀਗੜ੍ਹ : ਪੰਜਾਬ ਨਾਜਾਇਜ਼ ਸ਼ਰਾਬ ਨਾਲ ਮੌਤਾਂ ਦੇ ਮਾਮਲੇ ਵਚ ਕੈਪਟਨ ਅਮਰਿੰਦਰ ਸਿੰਘ ਵਿਰੋਧੀਆਂ ਦੇ ਨਾਲ ਅਪਣਿਆਂ ਦੇ ਨਿਸ਼ਾਨੇ 'ਤੇ ਵੀ ਹਨ। ਕਾਂਗਰਸ ਦੇ ਦੋ ਰਾਜ ਸਭਾ ਮੈਂਬਰ ਅਤੇ ਇੱਕ ਸਾਬਕਾ ਵਿਧਾਇਕ ਨੇ ਕੈਪਟਨ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਦੋਵਾਂ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ। ਇਸ ਦੇ ਲਈ ਉਨ੍ਹਾਂ ਨੇ ਰਾਜਪਾਲ ਨਾਲ ਮਿਲ ਕੇ ਪੱਤਰ ਵੀ ਦਿੱਤਾ ਹੈ। ਉਨ੍ਹਾਂ ਕੈਪਟਨ ਨੂੰ ਹਟਾਉਣ ਦੇ ਲਈ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਕੋਲੋਂ ਵੀ ਮੰਗ ਕੀਤੀ। ਉਨ੍ਹਾਂ ਦੀ ਬਿਆਨਬਾਜ਼ੀ ਵਧਣ 'ਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਨੇ ਬਾਜਵਾ ਅਤੇ ਦੂਲੋ ਦੇ ਖ਼ਿਲਾਫ਼ ਕਾਰਵਾਈ ਦੇ ਲਈ ਸੋਨੀਆ ਗਾਂਧੀ ਨਾਲ ਸਿਫਾਰਸ਼ ਕੀਤੀ ਹੈ।
ਇਸ ਤੋਂ ਪਹਿਲਾਂ ਸੂਬੇ ਦੇ ਛੇ ਤੋਂ ਜ਼ਿਆਦਾ ਮੰਤਰੀ ਹੁਣ ਮੁੱਖ ਮੰਤਰੀ ਦੇ ਬਚਾਅ ਵਿਚ ਉਤਰ ਆਏ। ਕੈਪਟਨ ਦਾ ਪੱਖ ਲੈਂਦੇ ਹੋਏ ਕੈਬਿਨਟ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੇ ਕਿਹਾ ਕਿ ਇਹ ਸਮਾਂ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਹੈ, ਬਲਕਿ ਸਾਰੀ ਪਾਰਟੀਆਂ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਸਾਂਝੀ ਕੋਸ਼ਿਸ਼ ਕਰਨ ਦਾ ਹੈ। ਇਸ ਸਮੇਂ ਹਰਸਿਮਰਤ ਕੌਰ ਬਾਦਲ ਵਲੋਂ ਕਾਂਗਰਸੀ ਵਿਧਾਇਕਾਂ ਨੂੰ ਬਚਾਉਣ ਦਾ ਦੋਸ਼ ਮੰਦਭਾਗਾ ਹੈ।
ਦੂਜੇ ਪਾਸੇ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਇਹ ਦੋਸ਼ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਕਹਾਵਤ ਦੀ ਤਰ੍ਹਾਂ ਹੈ। ਅਕਾਲੀਆਂ ਦੇ ਰਾਜ ਵਿਚ 2012 ਅਤੇ 2016 ਵਿਚ ਗੁਰਦਾਸਪੁਰ ਅਤੇ ਬਟਾਲਾ ਵਿਚ ਅਜਿਹੀ ਘਟਨਾਵਾਂ ਵਾਪਰ ਚੁੱਕੀਆਂ ਹਨ। ਬਟਾਲਾ ਘਟਨਾ ਵਿਚ ਨਾ ਤਾਂ ਕੋਈ ਐਫਆਈਆਰ ਦਰਜ ਹੋਈ ਸੀ ਅਤੇ ਨਾ ਹੀ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਹੋਈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੁਣ ਤੱਕ 13 ਅਧਿਕਾਰੀਆਂ 'ਤੇ ਕਾਰਵਾਈ ਕਰ ਚੁੱਕੇ ਹਨ। ਅਰੁਣਾ ਚੌਧਰੀ, ਬਲਬੀਰ ਸਿੱਧੂ, ਤ੍ਰਿਪਤ ਰਾਜਿੰਦਰ ਬਾਜਵਾ ਅਤੇ ਮੰਤਰੀ ਭਾਰਤ ਭੂਸ਼ਣ ਨੇ ਵੀ ਮੁੱਖ ਮੰਤਰੀ ਦਾ ਬਚਾਅ ਕਰਦੇ ਹੋਏ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਕਾਂਗਰਸ ਦੇ ਸੂਬਾ ਪ੍ਰਧਾਨ ਰਹੇ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਅਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੇ ਕਿਹਾ ਕਿ ਇਹ ਵੱਡਾ ਮਾਮਲਾ ਹੈ ਅਤੇ ਇਸ ਦੀ ਸੀਬੀਆਈ ਜਾਂਚ ਕਰਾਈ ਜਾਵੇ।