ਮੁੰਬਈ : ਅਦਾਕਾਰਾ ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ 'ਚ ਨਾਮ ਘਸੀਟੇ ਜਾਣ 'ਤੇ ਹੈਰਾਨੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਮੈਂ ਪੂਰੀ ਤਰ੍ਹਾਂ ਨਿਰਦੋਸ਼ ਹਾਂ। ਉਸ ਨੇ ਸੁਪਰੀਮ ਕੋਰਟ 'ਚ ਦਾਖਲ ਅਪੀਲ ਪਟੀਸ਼ਨ 'ਚ ਕਿਹਾ ਹੈ ਕਿ 8 ਜੂਨ ਤੱਕ ਸੁਸ਼ਾਂਤ ਦੇ ਨਾਲ ਲਿਵ ਇਨ ਰਿਲੇਸ਼ਨ 'ਚ ਸੀ। ਸੁਸ਼ਾਂਤ ਦੇ ਨਾਲ ਰਿਸ਼ਤਾ ਇੱਕ ਸਾਲ ਤੱਕ ਚੱਲਿਆ। ਉਹ ਡਿਪ੍ਰੈਸ਼ਨ 'ਚ ਸੀ, ਉਸ ਨੇ 14 ਜੂਨ ਨੂੰ ਖੁਦਕੁਸ਼ੀ ਕੀਤੀ। ਉਸ ਨੇ ਕਿਹਾ ਕਿ ਖੁਦਕੁਸ਼ੀ ਤੋਂ ਬਾਅਦ ਉਸ ਨੂੰ ਰੇਪ ਅਤੇ ਹੱਤਿਆ ਦੀ ਧਮਕੀ ਮਿਲ ਰਹੀ ਹੈ। ਪਟਨਾ 'ਚ ਕੇਸ ਹੋਣਾ ਗਲਤ ਹੈ। ਕੇਸ ਮੁੰਬਈ ਟਰਾਂਸਫਰ ਕੀਤਾ ਜਾਵੇ। 34 ਸਾਲਾ ਸੁਸ਼ਾਂਤ ਦੀ ਲਾਸ਼ ਮੁੰਬਈ ਦੇ ਉਪਨਗਰ ਬਾਂਦਰਾ 'ਚ 14 ਜੂਨ ਨੂੰ ਆਪਣੇ ਅਪਾਰਟਮੈਂਟ 'ਚ ਛੱਤ ਨਾਲ ਲਟਕੀ ਮਿਲੀ ਸੀ। ਇਸ ਤੋਂ ਬਾਅਦ ਮੁੰਬਈ ਪੁਲਸ ਵੱਖ-ਵੱਖ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਸੁਸ਼ਾਂਤ ਸਿੰਘ ਦੇ ਪਿਤਾ ਨੇ ਰਿਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਦੇ ਮੈਬਰਾਂ ਸਮੇਤ ਛੇ ਲੋਕਾਂ ਖਿਲਾਫ 25 ਜੁਲਾਈ ਨੂੰ ਪਟਨਾ 'ਚ ਐਫ.ਆਈ.ਆਰ. ਦਰਜ ਕਰਵਾਈ ਹੈ। ਰਿਆ 'ਤੇ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ ਲੱਗਾ ਹੈ। ਸੁਸ਼ਾਂਤ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਰਿਆ, ਉਸ ਦੇ ਪਰਿਵਾਰ ਅਤੇ ਸਾਥੀ ਕਰਮਚਾਰੀਆਂ ਨੇ ਸਾਜ਼ਿਸ਼ ਦੇ ਤਹਿਤ ਮੇਰੇ ਬੇਟੇ ਦੇ ਨਾਲ ਧੋਖਾਧੜੀ ਅਤੇ ਬੇਇਮਾਨੀ ਕੀਤੀ। ਉਸ ਨੂੰ ਕਾਫ਼ੀ ਸਮੇਂ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਆਪਣੇ ਆਰਥਿਕ ਫਾਇਦੇ ਲਈ ਉਸ 'ਤੇ ਦਬਾਅ ਪਾ ਕੇ ਉਸ ਦਾ ਇਸਤੇਮਾਲ ਕੀਤਾ ਅਤੇ ਅੰਤ 'ਚ ਮੇਰੇ ਬੇਟੇ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕੀਤਾ।
ਸੁਸ਼ਾਂਤ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਬੇਟੇ ਦੇ ਬੈਂਕ ਖਾਤੇ ਤੋਂ ਘੱਟ ਤੋਂ ਘੱਟ 15 ਕਰੋੜ ਰੁਪਏ ਅਣਪਛਾਤੇ ਖਾਤੇ 'ਚ ਟਰਾਂਸਫਰ ਕੀਤੇ ਗਏ ਹਨ। ਰਿਆ ਚੱਕਰਵਰਤੀ ਨੇ ਪਟਨਾ 'ਚ ਦਰਜ ਐੱਫ.ਆਈ.ਆਰ. ਨੂੰ ਮੁੰਬਈ ਟਰਾਂਸਫਰ ਕਰਨ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਇਸ ਦੇ ਖਿਲਾਫ ਸੁਸ਼ਾਂਤ ਦੇ ਪਿਤਾ ਅਤੇ ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਕੈਵਿਏਟ ਪਟੀਸ਼ਨ ਦਾਖਲ ਕੀਤੀ ਹੈ।