ਚੇਨਈ : ਭਾਰਤ ਦੇ ਤਜ਼ਰਬੇਕਾਰ ਖਿਡਾਰੀ ਵਿਸ਼ਵਨਾਥਨ ਆਨੰਦ ਨੂੰ ਲੀਜੈਂਡਸ ਆਫ਼ ਚੈੱਸ ਆਨਲਾਈਨ ਸ਼ਤਰੰਜ ਟੂਰਨਾਮੈਂਟ ਵਿਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਰੂਸ ਦੇ ਵਲਾਦੀਮਿਰ ਕ੍ਰਾਮਨਿਕ ਨੇ ਹਰਾਇਆ। ਇਸ ਹਾਰ ਤੋਂ ਬਾਅਦ ਆਨੰਦ 1, 50, 000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੀ ਅੰਕ ਸੂਚੀ ਵਿਚ ਸਭ ਤੋਂ ਹੇਠਾਂ ਖਿਸਕ ਗਿਆ ਹੈ।
ਆਨੰਦ ਨੂੰ ਕ੍ਰਾਮਨਿਕ ਨੇ 2.5-0.5 ਨਾਲ ਨਾਲ ਹਰਾਇਆ। ਪਹਿਲੇ ਦੋ ਦੌਰ ਵਿਚ ਉਸਨੂੰ ਪੀਟਰ ਸਿਵਡਲੇਰ ਤੇ ਮੈਗਨਸ ਕਾਰਲਸਨ ਨੇ ਹਰਾਇਆ ਸੀ। ਕਾਰਲਸਨ ਤੇ ਸਿਵਡਲਰ ਤਿੰਨੇ ਮੈਚ ਜਿੱਤ ਕੇ ਚੋਟੀ 'ਤੇ ਹਨ। ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਡਿੰਗ ਲੀਰੇਨ ਨੂੰ ਯੂਕ੍ਰੇਨ ਦੇ ਵੇਸਲੀ ਇਵਾਨਚੁਕ ਨੇ ਹਰਾਇਆ। ਆਨੰਦ ਤੇ ਲੀਰੇਨ ਦਾ ਅਜੇ ਤਕ ਖਾਤਾ ਨਹੀਂ ਖੁੱਲ੍ਹਿਆ ਹੈ। ਹੁਣ ਆਨੰਦ ਦਾ ਸਾਹਮਣਾ ਭਾਰਤੀ ਮੂਲ ਦੇ ਡੱਚ ਖਿਡਾਰੀ ਅਨੀਸ਼ ਗਿਰੀ ਨਾਲ ਹੋਵੇਗਾ।