ਨਵੀਂ ਦਿੱਲੀ : ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਚੀਨ ਨਾਲ ਟਕਰਾਅ ਬਾਰੇ ਕਾਂਗਰਸ ਅਤੇ ਰਾਹੁਲ ਗਾਂਧੀ ਦੇ ਹਮਲੇ 'ਤੇ ਪਲਟਵਾਰ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਮੌਜੂਦਾ ਸਰਕਾਰ ਰਿਮੋਰਟ ਨਾਲ ਨਹੀਂ ਚਲਦੀ ਹੈ। ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਅਪਣੇ ਆਪ ਨੂੰ 'ਮਹਾਂ ਗਿਆਨੀ ਸਾਬਤ ਕਰਨ' ਦੀ ਕੋਸ਼ਿਸ਼ ਵਿਚ ਉਹ ਹਰ ਦਿਨ ਕਾਂਗਰਸ ਦਾ ਬੇੜਾ ਗਰਕ ਕਰ ਰਹੇ ਹਨ। ਨਕਵੀ ਦੇ ਦਫ਼ਤਰ ਵਲੋਂ ਜਾਰੀ ਬਿਆਨ ਮੁਤਾਬਕ ਮੰਤਰੀ ਨੇ ਰਾਮਪੁਰ ਵਿਚ ਕੇਂਦਰੀ ਘੱਟ ਗਿਣਤੀ ਕਾਰਜ ਮੰਤਰਾਲੇ ਵਲੋਂ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ (PMJVK) ਤਹਿਤ 92 ਕਰੋੜ ਰੁਪਏ ਦੀ ਲਾਗਤ ਦੇ 'ਸਭਿਆਚਾਰਕ ਸਦਭਾਵ' ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਵਿਚ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਗਾਇਆ, ''ਰਾਹੁਲ ਨੂੰ ਗਿਆਨ ਕਿਸੇ ਵੀ ਚੀਜ਼ ਦਾ ਨਹੀਂ ਪਰ ਅਪਣੇ ਆਪ ਨੂੰ ਮਹਾਂ ਗਿਆਨੀ ਹਰ ਮੁੱਦੇ 'ਤੇ ਸਾਬਤ ਕਰਨ ਦੀ ਕੋਸ਼ਿਸ਼ ਵਿਚ ਹਰ ਦਿਨ ਅਪਣੀ ਪਾਰਟੀ ਦਾ ਹੀ ਬੇੜਾ ਗਰਕ ਕਰ ਰਹੇ ਹਨ।'' ਨਕਵੀ ਨੇ ਕਿਹਾ ਕਿ ਕਾਂਗਰਸ ਜਗੀਰਦਾਰੀ ਸਰੂਰ ਤੇ ਸੱਤਾ ਦੇ ਘਮੰਡ ਵਿਚ ਹਾਲੇ ਵੀ ਹੈ। ਰੱਸੀ ਜਲ ਗਈ ਪਰ ਵਲ ਨਹੀਂ ਗਿਆ। ਕਾਂਗਰਸ ਦੇ ਨੇਤਾ ਅੱਜ ਵੀ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹਨ ਕਿ ਰਾਸ਼ਟਰੀ ਸੁਰੱਖਿਆ, ਅਰਥਚਾਰਾ, ਗ਼ਰੀਬਾਂ ਦੇ ਕਲਿਆਣ, ਕਿਸਾਨਾਂ ਦੇ ਹਿਤ ਵਿਚ ਉਨ੍ਹਾਂ ਦੀ ਸੋਚ ਸਮਝ ਅਨੁਸਾਰ ਕੰਮ ਕੀਤਾ ਜਾਵੇ।'' ਉਨ੍ਹਾਂ ਕਿਹਾ, ''ਉਹ (congress) ਹਜ਼ਮ ਨਹੀਂ ਕਰ ਰਹੇ ਕਿ ਅੱਜ ਉਹ ਸਰਕਾਰ ਨਹੀਂ ਹੈ ਜਿਸ ਨੂੰ ਉਹ ਰਿਮੋਟ ਕੰਟਰੋਲ ਨਾਲ ਚਲਾਉਂਦੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹੈ ਜੋ ਦੇਸ਼ ਦੇ ਸਨਮਾਨ, ਸੁਰੱਖਿਆ ਅਤੇ ਗ਼ਰੀਬਾਂ ਦੇ ਵਿਕਾਸ ਲਈ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ।