ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਲਗਾਤਾਰ ਹੋ ਰਹੇ ਵਾਧੇ ਸਬੰਧੀ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਦੇਸ਼ ਦੇ ਗ਼ਰੀਬਾਂ, ਮਜ਼ਦੂਰਾਂ ਅਤੇ ਮੱਧ ਵਰਗ ਨੂੰ ਰਾਹਤ ਦੇਣ ਲਈ ਪਟਰੌਲ ਉਤਪਾਦਾਂ ਦੇ ਮੁੱਲ ਵਿਚ ਵਾਧਾ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ, ਬੇਰੁਜ਼ਗਾਰੀ ਅਤੇ ਆਰਥਕ ਤੁਫ਼ਾਨ ਦੇ ਇਸ ਦੌਰ ਵਿਚ ਪਟਰੌਲ ਤੇ ਡੀਜ਼ਲ ਦੇ ਮੁੱਲ ਵਿਚ ਵਾਧਾ ਕਰ ਕੇ ਸਰਕਾਰ ਆਮ ਲੋਕਾਂ 'ਤੇ ਸਿੱਧੀ ਸੱਟ ਮਾਰ ਰਹੀ ਹੈ। ਗਾਂਧੀ ਨੇ ਤੇਲ ਕੀਮਤਾਂ 'ਚ ਵਾਧੇ ਵਿਰੁਧ ਕਾਂਗਰਸ ਵਲੋਂ ਸੋਸ਼ਲ ਮੀਡੀਆ 'ਤੇ ਚਲਾਏ ਗਏ 'ਸਵੀਪ ਅਪ ਅਗੇਂਸਟ ਫ਼ਯੂਲ ਹਾਈਕ' (ਪਟਰੌਲ-ਡੀਜ਼ਲ ਦੇ ਮੁੱਲ ਵਿਚ ਵਾਧੇ ਵਿਰੁਧ ਆਵਾਜ਼ ਬੁਲੰਦ ਕਰੋ) ਅਭਿਆਨ ਤਹਿਤ ਵੀਡੀਉ ਸੁਨੇ ਜਾਰੀ ਕਰ ਕੇ ਇਹ ਟਿੱਪਣੀ ਕੀਤੀ।
ਉਨ੍ਹਾਂ ਕਿਹਾ ਕਿ, ''ਕੋਰੋਨਾ, ਬੇਰੁਜ਼ਗਾਰੀ ਅਤੇ ਆਰਥਕ ਤੁਫ਼ਾਨ ਆਇਆ ਹੋਇਆ ਹੈ। ਇਸ ਤੁਫ਼ਾਨ ਨਾਲ ਸਭ ਨੂੰ ਨੁਕਸਾਨ ਹੋਇਆ ਹੈ। ਅਮੀਰਾਂ ਨੂੰ ਸੱਟ ਲੱਗੀ ਹੈ, ਗ਼ਰੀਬਾਂ ਨੂੰ ਸੱਟ ਲੱਗੀ, ਮਜ਼ਦੂਰਾਂ ਨੂੰ ਸੱਟ ਲੱਗੀ ਹੈ ਪਰ ਸਭ ਤੋਂ ਜ਼ਿਆਦਾ ਦਰਦ ਮਜ਼ਦੂਰਾਂ, ਕਿਸਾਨਾਂ, ਮੱਧ ਵਰਗ ਅਤੇ ਤਨਖਾਹੀਆ ਵਰਗ ਨੂੰ ਹੋਇਆ ਹੈ।'' ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਗ਼ਰੀਬਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਰਾਹਤ ਦੇਣ ਦੀ ਥਾਂ 15 ਸਭ ਤੋਂ ਅਮੀਰਾਂ ਦੇ ਕਰਜ਼ ਖੂਹ ਖਾਤੇ ਵਿਚ ਪਾ ਦਿਤੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਭ ਤੋਂ ਗਲਤ ਕੰਮ ਇਹ ਕੀਤਾ ਕਿ ਹਾਲ ਦੇ ਸਮੇਂ ਵਿਚ ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ 22 ਵਾਰ ਵਾਧਾ ਕੀਤਾ। ਇਸ ਨਾਲ ਕਮਜ਼ੋਰ ਅਤੇ ਗ਼ਰੀਬ ਲੋਕਾਂ ਨੂੰ ਸਿੱਧੀ ਸੱਟ ਲੱਗੀ। ਉਨ੍ਹਾਂ ਨੇ ਮੰਗ ਕੀਤੀ ਕਿ ਤੇਲ ਕੀਮਤਾਂ ਵਿਚ ਵਾਧਾ ਤੁਰੰਤ ਵਾਪਸ ਲਿਆ ਜਾਵੇ।