ਸਾਨਾ : ਯਮਨ ਦੇ ਉੱਤਰੀ ਸੂਬੇ ਸਾਦਾ ਵਿਚ ਕਿਸਾਨਾਂ ਨੂੰ ਲੈ ਕੇ ਜਾ ਰਹੇ ਇਕ ਵਾਹਨ 'ਤੇ ਸਾਊਦੀ ਅਰਬ ਦੀ ਅਗਵਾਈ ਵਾਲੀ ਫ਼ੌਜ ਦੇ ਹਵਾਈ ਹਮਲੇ ਵਿਚ ਘੱਟ ਤੋਂ ਘੱਟ 13 ਲੋਕ ਮਾਰੇ ਗਏ। ਸਥਾਨਕ ਮੈਡਿਕਲ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਕਿਹਾ ਸਾਦਾ ਜ਼ਿਲ੍ਹੇ ਵਿਚ ਖੇਤਾਂ ਦੇ ਕੋਲ ਇਕ ਸੜਕ 'ਤੇ ਫਲ ਉਤਪਾਦਕਾਂ ਦੇ ਇਕ ਵਾਹਨ 'ਤੇ ਸੋਮਵਾਰ ਦੁਪਹਿਰ ਹਵਾਈ ਹਮਲਾ ਹੋਇਆ। ਇਸ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ 4 ਬੱਚੇ ਵੀ ਸ਼ਾਮਲ ਹਨ। ਇਸ ਦੌਰਾਨ ਹੌਤੀ ਵਿਦਰੋਹੀਆਂ ਵਲੋਂ ਸੰਚਾਲਿਤ ਅਲ ਮਸੀਰਾ ਟੀ.ਵੀ. ਅਨੁਸਾਰ ਸਾਊਦੀ ਅਰਬ ਦੀ ਅਗਵਾਈ ਵਾਲੀ ਫ਼ੌਜ ਨੇ ਸਾਦਾ ਵਿਚ ਸੋਮਵਾਰ ਨੂੰ ਵਾਹਨ ਨੂੰ ਨਿਸ਼ਾਨਾ ਬਣਾ ਕੇ 2 ਹਵਾਈ ਹਮਲੇ ਕੀਤੇ, ਜਿਸ ਵਿਚ 4 ਬੱਚਿਆਂ ਸਮੇਤ 13 ਲੋਕ ਮਾਰੇ ਗਏ। ਅਰਬ ਗੱਠਜੋੜ ਨੇ ਅਜੇ ਤਕ ਹਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।