ਧਾਰੀਵਾਲ : ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਆਲੋਵਾਲ ਬਾਊਲੀ ਵਿਚ ਜਮੀਨੀ ਵਿਵਾਦ ਨੂੰ ਲੈ ਕੇ ਇਕ ਸਾਬਕਾ ਫੌਜੀ ਵਲੋਂ ਕੀਤੀ ਫਾਇਰਿੰਗ ਨਾਲ ਦੋ ਭਰਾਵਾਂ ਦੀ ਮੌਕੇ ਤੇ ਮੌਤ ਹੋ ਗਈ। ਜਿਸਦੀ ਸੂਚਨਾ ਮਿਲਣ ਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਪੰਜ ਸਮੇਤ ਇਕ ਅਣਪਛਾਤੇ ਵਿਰੁੱਧ ਕੇਸ ਦਰਜ ਕਰ ਲਿਆ। ਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕੋਟ ਸੰਤੋਖ ਰਾਏ ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਤਾਏ ਦੇ ਲੜਕੇ ਗਗਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰਾਨ ਅਜੀਤ ਸਿੰਘ ਨਾਲ ਮੋਟਰਸਾਈਕਲ ਅਤੇ ਐਕਟਿਵਾ ਤੇ ਸਵਾਰ ਹੋ ਕੇ ਪਿੰਡ ਆਲੋਵਾਲ ਬਾਊਲੀ ਦੀ ਅਹੂਦ ਅੰਦਰ ਆਉਂਦੀ ਆਪਣੀ ਜਮੀਨ ਵੱਲ ਗੇੜਾ ਮਾਰਨ ਗਏ ਸੀ ਅਤੇ ਜਦ ਅਸੀਂ ਆਪਣੇ ਵਹੀਕਲ ਖੜੇ ਕੀਤੇ ਤਾਂ ਸਾਬਕਾ ਫੌਜੀ ਜਸਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਆਲੋਵਾਲ ਬਾਊਲੀ ਜਿਸ ਦਾ ਮਕਾਨ ਸਾਡੀ ਪੈਲੀ ਦੇ ਨਾਲ ਲੱਗਦਾ ਹੈ ਸਾਨੂੰ ਵੇਖ ਕੇ ਹੱਥ ਵਿਚ ਦੋਨਾਲੀ ਬੰਦੂਕ ਲੈ ਕੇ ਆਪਣੇ ਹੋਰ ਪਰਿਵਾਰਕ ਮੈਂਬਰ ਲੜਕਾ ਸੁਖਮਨਦੀਪ ਸਿੰਘ, ਜਵਾਈ ਗੁਰਪਿੰਦਰ ਸਿੰਘ, ਪਤਨੀ ਹਰਜਿੰਦਰ ਕੌਰ ਅਤੇ ਲੜਕੀ ਅਮਨਦੀਪ ਕੌਰ ਨਾਲ ਘਰੋਂ ਬਾਹਰ ਆ ਗਿਆ ਜਿਸਨੇ ਆਉਂਦਿਆਂ ਹੀ ਗਗਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ
ਜਿਸ ਵਿਚ ਦੋਵਾਂ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮੈਂ ਮੌਕੇ ਤੋਂ ਦੌੜ ਪਿਆ ਜਦਕਿ ਉਕਤ ਵਿਅਕਤੀਆਂ ਨੇ ਉਸ ਦੇ ਮਗਰ ਵੀ ਹਵਾਈ ਫਾਇਰ ਕੀਤੇ ਪਰ ਉਸਨੇ ਇਕ ਬੰਬੀ ਦੇ ਕੋਠੇ ਵਿਚ ਵੜ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਜਿਸਦੀ ਸੂਚਨਾ ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਤੇ ਹੋਰ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਇਥੇ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਗਗਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਉਕਤ ਸਾਬਕਾ ਫੌਜੀ ਜਸਵਿੰਦਰ ਸਿੰਘ ਦੇ ਘਰ ਦੇ ਲਾਗੇ ਜਮੀਨ ਖ਼ਰੀਦੀ ਸੀ ਪਰ ਹੁਣ ਸਾਬਕਾ ਫੌਜੀ ਜਸਵਿੰਦਰ ਸਿੰਘ ਉਕਤ ਦੋਵਾਂ ਭਰਾਵਾਂ ਨੂੰ ਇਹ ਜਮੀਨ ਉਸਨੂੰ ਦੇਣ ਲਈ ਦਬਾਅ ਬਣਾ ਰਿਹਾ ਸੀ ਅਤੇ ਕਈ ਵਾਰ ਉਸਨੇ ਜਮੀਨ ਦੀ ਵੱਟ ਵੀ ਆਪਣੀ ਜਮੀਨ ਵਿਚ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਾਰਨ ਭਾਵੇਂ ਇਹ ਮਾਮਲਾ ਪਿੰਡ ਦੀ ਪੰਚਾਇਤ ਦੇ ਧਿਆਨ ਵਿਚ ਲਿਆ ਕੇ ਇਸ ਦੇ ਫੈਸਲੇ ਲਈ ਥਾਣਾ ਧਾਰੀਵਾਲ ਵਿਚ ਵੀ ਦਰਖਾਸਤ ਦਿੱਤੀ ਹੋਈ ਸੀ ਪਰ ਕੋਈ ਵੀ ਫੈਸਲਾ ਹੋਣ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ।
ਜਿਸਦੀ ਸੂਚਨਾ ਮਿਲਦੇ ਹੀ ਐਸ.ਐਸ.ਪੀ. ਗੁਰਦਾਸਪੁਰ ਰਾਜਿੰਦਰ ਸਿੰਘ ਸੋਹਲ, ਐਸ.ਪੀ. ਹਰਵਿੰਦਰ ਸਿੰਘ, ਡੀ.ਐਸ.ਪੀ. ਕੁਲਵਿੰਦਰ ਸਿੰਘ, ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਨੇ ਘਟਨਾ ਵਾਲੀ ਜਗ•ਾ ਤੇ ਭਾਰੀ ਪੁਲਿਸ ਫੋਰਸ ਨਾਲ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਅਤੇ ਥਾਣਾ ਧਾਰੀਵਾਲ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਦੇ ਬਿਆਨ ਤੇ ਜਸਵਿੰਦਰ ਸਿੰਘ, ਸੁਖਮਨਦੀਪ ਸਿੰਘ, ਗੁਰਪਿੰਦਰ ਸਿੰਘ, ਹਰਜਿੰਦਰ ਕੌਰ, ਅਮਨਦੀਪ ਕੌਰ ਅਤੇ ਇਕ ਅਣਪਛਾਤੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।