ਸੁਲਤਾਨਪੁਰ ਲੋਧੀ : ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਇਕ ਮਹਿਲਾ ਸਮੇਤ ਦੋ ਖਿਲਾਫ 56 ਸਾਲਾ ਬਜ਼ੁਰਗ ਮਹਿਲਾ ਦਾ ਕੁੱਟਮਾਰ ਕਰ ਕੇ ਕਤਲ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮਾਮਲਾ ਕਥਿਤ ਨਜਾਇਜ਼ ਸਬੰਧਾਂ ਕਾਰਨ ਨੂੰਹ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਦਾ ਕਤਲ ਕਰਨ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੋਧਰੀਆਂ ਦੇ SHO ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤ ਕੁੰਦਨ ਸਿੰਘ ਪੁੱਤਰ ਜੱਲੂ ਸਿੰਘ ਵਾਸੀ ਛੰਨਾ ਸ਼ੇਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ। ਉਸਦੀ ਪਤਨੀ ਪ੍ਰਕਾਸ਼ ਕੌਰ ਜਿਸ ਦੀ ਉਮਰ 56 ਸਾਲ ਹੈ। ਉਸ ਦੇ ਦੋ ਲੜਕੇ ਜੋ ਵਿਆਹੇ ਹਨ। ਉਸ ਦੀ ਨੂੰਹ ਸਿਮਰ ਕੌਰ ਪਤਨੀ ਰਾਜ ਸਿੰਘ ਜਿਸ ਦੇ ਕਥਿਤ ਤੌਰ 'ਤੇ ਧਾਰਾ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਛੰਨਾ ਸ਼ੇਰ ਸਿੰਘ ਨਾਲ ਨਜਾਇਜ਼ ਸੰਬੰਧ ਹਨ। ਜਿਸ 'ਤੇ ਉਹ ਅਤੇ ਉਸ ਦੀ ਪਤਨੀ ਧਾਰਾ ਸਿੰਘ ਨੂੰ ਘਰ ਆਉਣ ਤੋਂ ਰੋਕਦੇ ਸੀ। ਪਰੰਤੂ ਰੋਕਣ 'ਤੇ ਧਾਰਾ ਸਿੰਘ ਤੇ ਸਿਮਰ ਕੌਰ ਉਸ ਦੀ ਪਤਨੀ ਪ੍ਰਕਾਸ਼ ਕੌਰ ਦੀ ਕੁੱਟਮਾਰ ਕਰਦੇ ਸਨ। ਬੀਤੇ ਦਿਨੀ ਵੀ ਉਸ ਦੀ ਨੂੰਹ ਸਿਮਰ ਕੌਰ ਤੇ ਧਾਰਾ ਸਿੰਘ ਨੇ ਪ੍ਰਕਾਸ਼ ਕੌਰ ਦੀ ਡੰਡਿਆਂ ਨਾਲ ਕੁੱਟਮਾਰ ਕੀਤੇ ਅਤੇ ਘਸੁੰਨ ਵੀ ਮਾਰੇ। ਜਿਸ ਨਾਲ ਉਸ ਦੀ ਮੌਤ ਹੋ ਗਈ। SHO ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲੇ 'ਚ ਦੋਵੇਂ ਮੁਲਜ਼ਮਾਂ ਸਿਮਰ ਕੌਰ ਪਤਨੀ ਰਾਜ ਸਿੰਘ ਅਤੇ ਧਾਰਾ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਛੰਨਾ ਸ਼ੇਰ ਸਿੰਘ ਥਾਣਾ ਤਲਵੰਡੀ ਚੌਧਰੀਆਂ ਖਿਲਾਫ ਧਾਰਾ 302 , 506 , 34 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੇ ਕੀਤੀ ਜਾ ਰਹੀ ਹੈ।