ਨਵੀਂ ਦਿੱਲੀ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਜਸਭਾ ਚੋਣਾਂ ਦੋ ਮਹੀਨੇ ਪਹਿਲਾਂ ਆਯੋਜਤ ਕੀਤੀਆਂ ਜਾ ਸਕਦੀਆਂ ਸਨ ਪਰ ਇਸ ਨੂੰ ਬਿਨਾਂ ਕਿਸੇ ਕਾਰਨ ਤੋਂ ਮੁਲਤਵੀ ਕਰ ਦਿਤਾ ਗਿਆ ਕਿਉਂਕਿ ਭਾਜਪਾ ਦੀ ਹਾਰਸ ਟ੍ਰੈਂਡਿੰਗ ਪੂਰੀ ਨਹੀਂ ਹੋਈ ਸੀ।
ਕਿਹਾ, ਭਾਜਪਾ ਦੀ ਖ਼ਰੀਦੋ-ਫ਼ਰੋਖ਼ਤ ਪੂਰੀ ਨਹੀਂ ਸੀ ਹੋਈ
ਗਹਿਲੋਤ ਨੇ ਸ਼ੁੱਕਰਵਾਰ ਨੂੰ ਉਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਦੂਜੇ ਕਾਂਗਰਸੀ ਆਗੂਆਂ ਨਾਲ ਜੈਪੁਰ 'ਚ ਇਕ ਪ੍ਰੈੱਸ ਕਾਨਫ਼ਰੰਸ ਕੀਤੀ, ਜਿਸ 'ਚ ਉਨ੍ਹਾਂ ਕਿਹਾ ਕਿ ਇਸ ਸਮੇਂ ਸਾਨੂੰ ਤੈਅ ਕਰਨਾ ਹੈ ਕਿ ਕੌਣ ਦਰਦ ਵੰਡ ਰਿਹਾ ਹੈ ਤੇ ਕੌਣ ਦਵਾਈ। ਗਹਿਲੋਤ ਨੇ ਮੱਧ ਪ੍ਰਦੇਸ਼ 'ਚ ਵੀ ਕਾਂਗਰਸ ਦੀ ਸਰਕਾਰ ਡਿੱਗਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਪੂਰੀ ਦੂਨੀਆਂ ਵਾਇਰਸ ਨਾਲ ਲੜ ਰਹੀ ਸੀ ਤਾਂ ਭਾਜਪਾ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਨੂੰ ਡੇਗਣ 'ਚ ਵਿਅਸਤ ਸੀ। ਗਹਿਲੋਤ ਨੇ ਕਿਹਾ ਕਿ ਰਾਜਸਭਾ ਚੋਣਾਂ ਦੋ ਮਹੀਨੇ ਪਹਿਲਾਂ ਕਰਵਾਈਆਂ ਜਾ ਸਕਦੀਆਂ ਸਨ ਪਰ ਉਨ੍ਹਾਂ ਨੇ ਗੁਜਰਾਤ ਤੇ ਰਾਜਸਥਾਨ 'ਚ 'ਖ਼ਰੀਦ ਤੇ ਵਿਕਰੀ' ਨੂੰ ਪੂਰਾ ਨਹੀਂ ਕੀਤਾ ਸੀ ਇਸ ਲਈ ਉਨ੍ਹਾਂ ਨੇ ਇਸ 'ਚ ਦੇਰੀ ਕੀਤੀ।