ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਅਤੇ ਅਮਰੀਕਾ ਵਿਚ ਪਹਿਲਾਂ ਜਿਹੀ ਸਹਿਣਸ਼ੀਲਤਾ ਨਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਨਸਲ ਅਤੇ ਧਰਮ ਦੇ ਆਧਾਰ 'ਤੇ ਵੰਡਣ ਵਾਲੇ ਖ਼ੁਦ ਨੂੰ ਰਾਸ਼ਟਰਵਾਦੀ ਕਹਿ ਰਹੇ ਹਨ। ਅਮਰੀਕਾ ਦੇ ਸਾਬਕਾ ਸਫ਼ੀਰ ਨਿਕੋਲਸ ਬਰਨਸ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲਬਾਤ ਕਰਦਿਆਂ ਗਾਂਧੀ ਨੇ ਇਹ ਵੀ ਕਿਹਾ ਕਿ ਕੋਵਿਡ-19 ਸੰਕਟ ਮਗਰੋਂ ਹੁਣ ਨਵੇਂ ਵਿਚਾਰਾਂ ਨੂੰ ਉਭਰਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਰਾਹੁਲ ਨੇ ਭਾਰਤ ਅਤੇ ਅਮਰੀਕਾ ਦੀਆਂ ਮੌਜੂਦਾ ਸੱਤਾਧਿਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਦਾਅਵਾ ਕੀਤਾ, 'ਜਦ ਅਮਰੀਕਾ ਵਿਚ ਅਫ਼ਰੀਕੀ-ਅਮਰੀਕੀਆਂ, ਮੈਕਸੀਕੋਅਨਾਂ ਅਤੇ ਹੋਰ ਲੋਕਾਂ ਨੂੰ ਵੰਡਿਆ ਜਾਂਦਾ ਹੈ, ਉਸੇ ਤਰ੍ਹਾਂ ਭਾਰਤ ਵਿਚ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਵੰਡਿਆ ਜਾਂਦਾ ਹੈ ਤਾਂ ਤੁਸੀਂ ਦੇਸ਼ ਦੀ ਨੀਂਹ ਨੂੰ ਕਮਜ਼ੋਰ ਕਰ ਰਹੇ ਹੁੰਦੇ ਹੋ ਪਰ ਦੇਸ਼ ਦੀ ਨੀਂਹ ਨੂੰ ਕਮਜ਼ੋਰ ਕਰਨ ਵਾਲੇ ਇਹੋ ਲੋਕ ਖ਼ੁਦ ਨੂੰ ਰਾਸ਼ਟਰਵਾਦੀ ਕਹਿੰਦੇ ਹਨ।'
ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਵੰਡਣ ਵਾਲੇ ਖ਼ੁਦ ਨੂੰ ਰਾਸ਼ਟਰਵਾਦੀ ਕਹਿੰਦੇ ਹਨ
ਗਾਂਧੀ ਨੇ ਅਮਰੀਕਾ ਵਿਚ 'ਬਲੈਕ ਲਾਈਵਜ਼ ਮੈਟਰ' ਅੰਦੋਲਨ ਦੀ ਪਿੱਠਭੂਮੀ ਵਿਚ ਕਿਹਾ, 'ਮੈਨੂੰ ਲਗਦਾ ਹੈ ਕਿ ਅਸੀਂ ਇਕੋ ਜਿਹੇ ਇਸ ਲਈ ਹਾਂ ਕਿਉਂÎਕ ਅਸੀਂ ਸਹਿਣਸ਼ੀਲ ਹਾਂ। ਸਾਡਾ ਡੀਐਨਏ ਸਹਿਣਸ਼ੀਲ ਮੰਨਿਆ ਜਾਂਦਾ ਹੈ। ਅਸੀਂ ਨਵੇਂ ਵਿਚਾਰਾਂ ਨੂੰ ਪ੍ਰਵਾਨ ਕਰਨ ਵਾਲੇ ਹਾਂ। ਅਸੀਂ ਖੁਲ੍ਹੇ ਵਿਚਾਰਾਂ ਵਾਲੇ ਹਾਂ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਚੀਜ਼ ਹੁਣ ਗ਼ਾਇਬ ਹੋ ਰਹੀ ਹੈ। ਇਹ ਕਾਫ਼ੀ ਦੁਖਦ ਹੈ ਕਿ ਮੈਂ ਹੁਣ ਉਸ ਪੱਧਰ ਦੀ ਸਹਿਣਸ਼ੀਲਤਾ ਨੂੰ ਨਹੀਂ ਵੇਖਦਾ ਜੋ ਮੈਂ ਪਹਿਲਾਂ ਵੇਖਦਾ ਸੀ। ਇਹ ਦੋਵੇਂ ਹੀ ਦੇਸ਼ਾਂ ਵਿਚ ਨਹੀਂ ਦਿਸ ਰਹੀ।' ਉਨ੍ਹਾਂ ਕਿਹਾ, 'ਬਟਵਾਰਾ ਅਸਲ ਵਿਚ ਕਮਜ਼ੋਰ ਕਰਨ ਵਾਲਾ ਹੁੰਦਾ ਹੈ ਪਰ ਵੰਡੀਆਂ ਪਾਉਣ ਵਾਲੇ ਲੋਕ ਇਸ ਨੂੰ ਦੇਸ਼ ਦੀ ਤਾਕਤ ਦਸਦੇ ਹਨ।' ਉਨ੍ਹਾਂ ਕਿਹਾ, 'ਮੈਂ ਜਾਣਦਾ ਹਾਂ ਕਿ ਹਜ਼ਾਰਾਂ ਸਾਲਾਂ ਤੋਂ ਮੇਰੇ ਦੇਸ਼ ਦਾ ਡੀਐਨਏ ਇਕੋ ਕਿਸਮ ਦਾ ਹੈ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਹਾਂ, ਅਸੀਂ ਮਾੜੇ ਦੌਰ ਵਿਚੋਂ ਲੰਘ ਰਹੇ ਹਾਂ ਅਤੇ ਮੈਂ ਲੋਕਾਂ ਨੂੰ ਪਹਿਲਾਂ ਮੁਕਾਬਲੇ ਇਕ ਦੂਜੇ ਦੀ ਬਹੁਤ ਜ਼ਿਆਦਾ ਮਦਦ ਕਰਦਿਆਂ ਨੂੰ ਵੀ ਵੇਖ ਸਕਦਾ ਹਾਂ।'