ਪੇਸ਼ਾਵਰ : ਅਫ਼ਗ਼ਾਨਿਸਤਾਨ ਦੀ ਸਰਹੱਦ ਦੇ ਨੇੜੇ ਪਾਕਿਸਤਾਨ ਦੇ ਅੰਸ਼ਾਂਤ ਉਤਰੀ ਵਜੀਰਿਸਤਾਨ ਜ਼ਿਲ੍ਹੇ 'ਚ ਅਣਪਛਾਤੇ ਅਤਿਵਾਦੀਆਂ ਵਲੋਂ ਸੜਕ 'ਤੇ ਬਾਰੂਦੀ ਸੁਰੰਗ ਰਾਹੀਂ ਕੀਤੇ ਗਏ ਬੰਬ ਧਮਾਕੇ 'ਚ ਪਾਕਿਸਤਾਨ ਦੇ ਘੱਟ ਤੋਂ ਘੱਟ ਦੋ ਫ਼ੌਜੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਦਸਿਆ ਕਿ ਅਤਿਵਾਦੀਆਂ ਨੇ ਖ਼ੈਬਰ ਪਖ਼ਤੂਨਖ਼ਵਾ ਦੇ ਮੀਰਾਨਸ਼ਾਹ ਸ਼ਹਿਰ 'ਚ ਬੁਧਵਾਰ ਨੂੰ ਗਸ਼ਤ ਕਰ ਰਹੇ ਫ਼ੌਜੀਆਂ ਦੇ ਵਾਹਨ ਨੂੰ ਬਾਰੂਦੀ ਸੁਰੰਗ ਰਾਹੀਂ ਨਿਸ਼ਾਨਾ ਬਣਾਇਆ। ਫ਼ੈਜ ਨੇ ਬਿਆਨ 'ਚ ਕਿਹਾ ਕਿ ਦੋ ਫ਼ੌਜੀਆਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਇਸ ਹਮਲੇ 'ਚ ਜ਼ਖ਼ਮੀ ਹੋ ਗਏ। ਹਾਲੇ ਤਕ ਕਿਸੇ ਅਤਿਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲੱਗਣ ਵਾਲੇ ਖੇਤਰਾਂ 'ਚ ਤਾਲਿਬਾਨ ਇਸ ਤਰ੍ਹਾਂ ਦੇ ਹਮਲੇ ਕਰਦਾ ਰਿਹਾ ਹੈ ਅਤੇ ਕਿਸੇ ਸਮੇਂ ਇਹ ਉਨ੍ਹਾਂ ਦਾ ਇਲਾਕਾ ਹੋਇਆ ਕਰਦਾ ਸੀ। ਤਾਲਿਬਾਨ ਅਸ਼ਾਂਤ ਬਲੂਚਿਸਤਾਨ 'ਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਪਿਛਲੇ ਮਹੀਨੇ ਹੀ ਦੋ ਵੱਖ ਵੱਖ ਅਤਿਵਾਦੀ ਹਮਲਿਆਂ 'ਚ ਸੁਰੱਖਿਆ ਬਲ ਦੇ ਸੱਤ ਜਵਾਨਾਂ ਦੀ ਮੌਤ ਹੋ ਗਈ ਸੀ।