ਪਠਾਨਕੋਟ : ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ (ਲਸ਼ਕਰ) ਦੇ ਦੋ ਕਾਰਕੁਨਾਂ ਦੀ ਗ੍ਰਿਫ਼ਤਾਰੀ ਨਾਲ ਅਤਿਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਵਾਦੀ ਵਿਚ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਹੈ। ਇਨ੍ਹਾਂ ਸ਼ੱਕੀ ਅਤਿਵਾਦੀਆਂ ਪਾਸੋਂ 10 ਹੈਂਡ ਗ੍ਰਨੇਡ, 1 ਏ.ਕੇ. 47 ਰਾਈਫਲ ਅਤੇ 2 ਮੈਗਜ਼ੀਨ ਅਤੇ 60 ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ। ਇਨ੍ਹਾਂ ਸ਼ੱਕੀ ਅਤਿਵਾਦੀਆਂ ਦੀ ਪਛਾਣ ਆਮਿਰ ਹੁਸੈਨ ਵਾਨੀ (26 ਸਾਲ), ਵਾਸੀ ਹਫ਼ਸਰਮਲ ਜ਼ਿਲ੍ਹਾ ਸ਼ੋਪੀਆਂ ਅਤੇ ਵਸੀਮ ਹਸਨ ਵਾਨੀ (27 ਸਾਲ) ਵਾਸੀ ਸ਼ਰਮਲ ਪੁਲਿਸ ਥਾਣਾ ਜੈਨਾਪੋਰਾ, ਜ਼ਿਲ੍ਹਾ ਸ਼ੋਪੀਆਂ ਵਜੋਂ ਹੋਈ ਹੈ। ਇਨਾਂ ਦੋਵੇਂ ਅਤਿਵਾਦੀਆਂ ਨੂੰ ਪਠਾਨਕੋਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਜੋ ਆਟੋਮੈਟਿਕ ਹਥਿਆਰਾਂ ਅਤੇ ਹੈਂਡ ਗ੍ਰਨੇਡਾਂ ਦੀ ਪੰਜਾਬ ਤੋਂ ਕਸ਼ਮੀਰ ਵਾਦੀ ਵਿਚ ਹਥਿਆਰਾਂ ਦੀ ਸਰਗਰਮੀ ਨਾਲ ਤਸਕਰੀ ਵਿਚ ਸ਼ਾਮਲ ਸਨ।
ਅਤਿਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਵਾਦੀ ਵਿਚ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ
ਪਠਾਨਕੋਟ ਪੁਲਿਸ ਨੇ ਪੁਲਿਸ ਥਾਣਾ ਸਦਰ ਖੇਤਰ ਵਿਚ ਅੰਮ੍ਰਿਤਸਰ-ਜੰਮੂ ਹਾਈਵੇਅ ਉਤੇ ਇਕ ਨਾਕੇ 'ਤੇ ਇਕ ਟਰੱਕ ਨੂੰ ਫੜ੍ਹਿਆ ਹੈ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਜੇ.ਕੇ-03-ਸੀ-7383 ਹੈ। ਵੇਰਵੇ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦਸਿਆ ਕਿ ਟਰੱਕ ਦੀ ਤਲਾਸ਼ੀ ਉਪਰੰਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ। ਮੁਲਾਜ਼ਮਾਂ ਨੇ ਮੁਢਲੀ ਜਾਂਚ ਦੌਰਾਨ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਸ਼ਫ਼ਾਕ ਅਹਿਮਦ ਡਾਰ ਉਰਫ ਬਸ਼ੀਰ ਅਹਿਮਦ ਖ਼ਾਨ, ਜੋ ਜੰਮੂ ਤੇ ਕਸ਼ਮੀਰ ਵਿੱਚ ਸਿਪਾਹੀ ਰਹਿ ਚੁੱਕਿਆ ਹੈ, ਵਲੋਂ ਪੰਜਾਬ ਤੋਂ ਇਹ ਹਥਿਆਰਾਂ ਦੀ ਖੇਪ ਲਿਆਉਣ ਦਾ ਨਿਰਦੇਸ਼ ਦਿਤਾ ਗਿਆ ਸੀ। ਮੌਜੂਦਾ ਸਮੇਂ ਕਸ਼ਮੀਰ ਵਾਦੀ ਵਿਚ ਲਸ਼ਕਰ-ਏ-ਤੋਇਬਾ ਦਾ ਇਹ ਸਰਗਰਮ ਅਤਿਵਾਦੀ ਇਸ਼ਫਾਕ ਡਾਰ ਸਾਲ 2017 ਵਿਚ ਪੁਲਿਸ ਵਿਚੋਂ ਭਗੌੜਾ ਹੋ ਗਿਆ ਸੀ।
ਗ੍ਰਿਫ਼ਤਾਰ ਕੀਤੇ ਗਏ ਦੋਹਾਂ ਅਤਿਵਾਦੀਆਂ ਨੇ ਅੱਗੇ ਦਸਿਆ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਨੇੜੇ ਮਕਬੂਲਪੁਰ-ਵਾਲਾ ਰੋਡ 'ਤੇ ਪਹਿਲਾਂ ਤੋਂ ਤੈਅ ਕੀਤੀ ਜਗ੍ਹਾ 'ਤੇ ਅੱਜ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਤੋਂ ਇਹ ਖੇਪ ਪ੍ਰਾਪਤ ਕੀਤੀ ਸੀ। ਡੀਜੀਪੀ ਅਨੁਸਾਰ ਉਨ੍ਹਾਂ ਨੇ ਫਿਰ ਇਸ ਟਰੱਕ ਵਿਚ ਖੇਪ ਨੂੰ ਲੁਕਾ ਦਿਤਾ ਸੀ ਜਿਸ ਨੂੰ ਉਹ ਦਿਖਾਵੇ ਦੇ ਤੌਰ 'ਤੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚੋਂ ਫਲ ਤੇ ਸਬਜ਼ੀਆਂ ਲੱਦਣ ਦੇ ਉਦੇਸ਼ ਨਾਲ ਲੈ ਕੇ ਗਏ ਸਨ। ਆਮਿਰ ਹੁਸੈਨ ਵਾਨੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਅਪਣੇ ਟਰੱਕ ਵਿਚ ਪੰਜਾਬ ਦੇ ਪਿਛਲੇ ਗੇੜਿਆਂ ਦੌਰਾਨ ਅਪਣੇ ਸੰਚਾਲਕਾਂ ਇਸ਼ਫ਼ਾਕ ਅਹਿਮਦ ਡਾਰ ਅਤੇ ਡਾ. ਰਮੀਜ਼ ਰਾਜਾ, ਜੋ ਇਸ ਸਮੇਂ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਰ ਕੇ ਜੰਮੂ-ਕਸ਼ਮੀਰ ਦੀ ਇਕ ਜੇਲ ਵਿਚ ਬੰਦ ਹਨ, ਦੇ ਇਸ਼ਾਰੇ 'ਤੇ 20 ਲੱਖ ਰੁਪਏ ਦੀ ਹਵਾਲਾ ਮਨੀ ਇਕੱਠੀ ਕੀਤੀ ਹੈ। ਆਮਿਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਅੰਮ੍ਰਿਤਸਰ ਦੀਆਂ ਪਿਛਲੀਆਂ ਯਾਤਰਾਵਾਂ ਦੌਰਾਨ ਉਸ ਨੇ ਦੋ ਹਥਿਆਰਬੰਦ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਨੂੰ ਪੰਜਾਬ ਤੋਂ ਵਾਦੀ ਲਿਆਂਦਾ ਸੀ। ਇਤਫਾਕਨ, ਦੋਵੇਂ ਆਦਮੀ ਹੁਣ ਮਰ ਚੁੱਕੇ ਹਨ। ਉਨ੍ਹਾਂ ਦੀ ਪਛਾਣ ਆਮਿਰ ਦੁਆਰਾ ਹਿਜ਼ਬੁਲ ਮੁਜਾਹਿਦੀਨ ਦੇ ਸੱਦਾਮ ਅਹਿਮਦ ਪੱਡਾਰ ਪੁੱਤਰ ਫਾਰੂਕ ਅਹਿਮਦ ਪੱਡਾਰ ਵਾਸੀ ਹੇਪ, ਜ਼ਿਲ੍ਹਾ ਪੁਲਵਾਮਾ ਅਤੇ ਲਸ਼ਕਕਰ-ਏ-ਤੋਇਬਾ ਦੇ ਜਸੀਮ ਅਹਿਮਦ ਸ਼ਾਹ ਪੁੱਤਰ ਗੁਲਾਮ ਅਹਿਮਦ ਸ਼ਾਹ ਵਾਸੀ ਮਲਨਾਰ ਜ਼ਿਲ੍ਹਾ ਪੁਲਵਾਮਾ ਵਜੋਂ ਕੀਤੀ ਗਈ ਹੈ। ਦਸਣਯੋਗ ਹੈ ਕਿ ਜਸੀਮ ਸ਼ਾਹ ਨੂੰ ਗੁਰਦਾਸਪੁਰ ਬਾਈਪਾਸ, ਬਟਾਲਾ ਨੇੜੇ ਇਕ ਕਸ਼ਮੀਰੀ ਹੋਟਲ ਤੋਂ ਏ.ਕੇ.-47 ਅਤੇ ਗ੍ਰਨੇਡ ਸਮੇਤ ਕਾਬੂ ਕੀਤਾ ਗਿਆਾ ਸੀ।
DGP ਨੇ ਦਸਿਆ ਕਿ ਇਨ੍ਹਾਂ ਦੋਸ਼ੀਆਂ ਵਿਰੁਧ ਅਸਲਾ ਕਾਨੂੰਨ ਦੀ ਧਾਰਾ 25/54/59, ਐਕਸਪਲੋਸਿਵ ਸਬਸਟਾਂਸਿਜ਼ ਸੋਧ ਐਕਟ 2001 ਦੀ ਧਾਰਾ 3/4/5 ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀ ਧਾਰਾ 13, 17, 18, 18-ਬੀ, 20 ਤਹਿਤ ਐਫ.ਆਈ.ਆਰ., ਪੁਲਿਸ ਥਾਣਾ ਸਦਰ ਪਠਾਨਕੋਟ ਵਿਖੇ ਦਰਜ ਕਰ ਲਈ ਗਈ ਹੈ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਸਹਿਯੋਗ ਨਾਲ ਲਸ਼ਕਰ-ਏ-ਤੋਇਬਾ ਦੇ ਇਸ ਨੈਟਵਰਕ ਅਤੇ ਪੰਜਾਬ ਵਿਚ ਉਨ੍ਹਾਂ ਦੀਆਂ ਕਾਰਵਾਈਆਂ ਦਾ ਪਰਦਾਫ਼ਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਸ੍ਰੀ ਗੁਪਤਾ ਅਨੁਸਾਰ ਆਮਿਰ ਅਤੇ ਵਸੀਮ ਦੀ ਗ੍ਰਿਫ਼ਤਾਰੀ ਨਾਲ ਹੋਏ ਖੁਲਾਸਿਆਂ ਤੋਂ ਪਤਾ ਚਲਦਾ ਹੈ ਕਿ ਪਾਕਿ ISI ਅਤਿਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਸਰਹੱਦ ਪਾਰੋਂ ਪੰਜਾਬ ਅਤੇ ਅੱਗੇ ਕਸ਼ਮੀਰ ਵਾਦੀ ਵਿਚ ਹਥਿਆਰਾਂ ਦੀਆਂ ਖੇਪਾਂ ਦੀ ਤਸਕਰੀ ਅਤੇ ਅਤਿਵਾਦੀਆਂ ਦੀ ਘੁਸਪੈਠ ਕਰ ਰਿਹਾ ਹੈ। ਇਸ ਤੋਂ ਪਹਿਲਾਂ, 25 ਅਪ੍ਰੈਲ 2020 ਨੂੰ, ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਦੇ ਇਕ ਹੋਰ ਨੌਜਵਾਨ ਹਿਲਾਲ ਅਹਿਮਦ ਵਾਗੇ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਪਿਛਲੇ ਦਿਨੀਂ ਮਾਰੇ ਗਏ ਹਿਜ਼ਬੁਲ ਮੁਜਾਹਾਦੀਨ ਦੇ ਕਮਾਂਡਰ ਰਿਆਜ਼ ਅਹਿਮਦ ਨਾਇਕੂ ਦੇ ਨਿਰਦੇਸ਼ਾਂ 'ਤੇ ਅੰਮ੍ਰਿਤਸਰ ਤੋਂ ਡਰੱਗ ਮਨੀ ਲੈਣ ਲਈ ਆਇਆ ਸੀ। ਹਿਲਾਲ ਅਹਿਮਦ ਨੇ ਡਰੱਗ ਮਨੀ ਲਿਜਾਣ ਲਈ ਇਕ ਟਰੱਕ ਦੀ ਵਰਤੋਂ ਕੀਤੀ ਸੀ।