ਜਲੰਧਰ : ਜਲੰਧਰ 'ਚ ਕੋਰੋਨਾ ਵਾਇਰਸ ਦੇ ਕਾਰਨ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਕਸੂਦਾਂ ਦੇ ਮੋਤੀ ਨਗਰ ਦੇ ਰਹਿਣ ਵਾਲੇ 86 ਸਾਲਾ ਬਜ਼ੁਰਗ ਦੇਵਦੱਤ ਸ਼ਰਮਾ ਨੇ ਕੋਰੋਨਾ ਕਾਰਨ ਜ਼ੇਰੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਬਜ਼ੁਰਗ ਨੂੰ ਸਿਹਤ ਖਰਾਬ ਹੋਣ ਕਰਕੇ ਸੋਮਵਾਰ ਨੂੰ ਪਹਿਲਾਂ ਸ਼੍ਰੀਮਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਵੱਲੋਂ ਸਾਰੇ ਟੈਸਟ ਕਰਨ ਦੇ ਨਾਲ-ਨਾਲ ਕੋਰੋਨਾ ਦਾ ਟੈਸਟ ਵੀ ਕੀਤਾ ਗਿਆ ਸੀ। ਇਸ ਦੀ ਰਿਪਰੋਟ ਅੱਜ ਤੜਕੇ ਹੀ ਪਾਜ਼ੇਟਿਵ ਪਾਈ ਗਈ ਹੈ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਕਤ ਬਜ਼ੁਰਗ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿੱਥੋਂ ਪਰਿਵਾਰ ਵਾਲੇ ਆਈ. ਐੱਮ. ਏ. ਸ਼ਾਹਕੋਟ ਹਸਪਤਾਲ 'ਚ ਲੈ ਗਏ ਸਨ। ਇਥੇ ਵੀ ਸਿਹਤ 'ਚ ਸੁਧਾਰ ਨਾ ਹੋਣ ਦੇ ਚਲਦਿਆਂ ਉਕਤ ਬਜ਼ੁਰਗ ਨੇ ਦਮ ਤੋੜ ਦਿੱਤਾ। ਅੱਜ ਹੋਈ ਮੌਤ ਤੋਂ ਬਾਅਦ ਜਲੰਧਰ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 10 ਤੱਕ ਪਹੁੰਚ ਗਿਆ ਹੈ। ਇਥੇ ਦੱਸ ਦੇਈਏ ਕਿ ਲਗਾਤਾਰ ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।