ਨਾਭਾ 'ਚ ਔਰਤ ਦੀ ਮੌਤ
ਨਾਭਾ : ਪਟਿਆਲਾ ਦੇ ਸ਼ਹਿਰ ਨਾਭਾ ਦੀ ਆਦਰਸ਼ ਕਾਲੋਨੀ ਦੇ 46 ਸਾਲਾ ਵਸਨੀਕ ਦੀ ਕੋਰੋਨਾ ਕਾਰਨ ਮੌਤ ਹੋ ਗਈ। ਅਲੌਹਰਾਂ ਦੇ ਸ਼ਮਸ਼ਾਨਘਾਟ ਵਿਚ ਨਾਇਬ ਤਹਿਸੀਲਦਾਰ ਦੀ ਅਗਵਾਈ ਵਿਚ ਮ੍ਰਿਤਕ ਦਾ ਅੰਤਮ ਸਸਕਾਰ ਕੀਤਾ ਜਾ ਰਿਹਾ ਹੈ।
ਲੁਧਿਆਣਾ ਵਿਚ 16 ਨਵੇਂ ਹੋਰ ਮਰੀਜ਼ ਆਏ ਸਾਹਮਣੇ
ਲੁਧਿਆਣਾ : ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬੀਮਾਰੀ ਤੋਂ ਪੀੜਤ 16 ਹੋਰ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 12 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ ਬਾਕੀ 4 ਬਾਹਰੀ ਜ਼ਿਲ੍ਹਿਆਂ ਅਤੇ ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਇਨ੍ਹਾਂ ਮਰੀਜ਼ਾਂ ਵਿਚੋਂ 1 ਜੱਸੋਵਾਲ ਕੁਲਾਰ, 1 ਲੱਕੜ ਮੰਡੀ ਦੋਰਾਹਾ, 1 ਦਸ਼ਮੇਸ਼ ਨਗਰ, 1 ਸਿਵਲ ਲਾਈਨਜ਼, 1 ਜੈਨ ਕਲੋਨੀ, 1 ਕੋਟ ਮੰਗਲ ਸਿੰਘ, 1 ਇਸਲਾਮਗੰਜ, 1 ਅਮਰਪੁਰਾ, 1 ਪ੍ਰੇਮ ਨਗਰ, 1 ਮੁੰਡੀਆਂ, 1 ਹਬੀਬਗੰਜ ਨਾਲ ਸਬੰਧਤ ਹਨ। ਜਦਕਿ 2 ਦਿੱਲੀ, 1 ਜਲੰਧਰ, 1 ਫ਼ਾਜ਼ਿਲਕਾ ਨਾਲ ਸਬੰਧਤ ਹੈ।
ਲੁਧਿਆਣਾ ਵਿਚ ਇਕ ਹੋਰ ਮੌਤ
ਲੁਧਿਆਣਾ : ਲੁਧਿਆਣਾ ਸਥਿਤ ਸੀ.ਐਮ.ਸੀ ਅਤੇ ਹਸਪਤਾਲ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਹਸਪਤਾਲ ਦੇ ਡਾਕਟਰ-ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦਸਿਆ ਹੈ ਕਿ ਔਰਤ ਕਈ ਸਰੀਰਕ ਬੀਮਾਰੀਆਂ ਦੇ ਚਲਦਿਆਂ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਮ੍ਰਿਤਕਾ ਨੂੰ ਵੱਖ-ਵੱਖ ਬੀਮਾਰੀਆਂ ਦੇ ਇਲਾਜ ਲਈ 4 ਜੂਨ ਨੂੰ ਦਾਖ਼ਲ ਕਰਵਾਇਆ ਗਿਆ ਸੀ, ਪਰ ਇਸ ਦੌਰਾਨ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ੇਟਿਵ ਪਾਈ ਗਈ। ਮ੍ਰਿਤਕਾ ਸ਼ਹਿਰ ਦੇ ਹਬੀਬ ਨਗਰ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਉਮਰ 60 ਸਾਲ ਦੇ ਕਰੀਬ ਸੀ।
ਅੰਮ੍ਰਿਤਸਰ 'ਚ 13 ਮਾਮਲੇ ਆਏ ਸਾਹਮਣੇ
ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਵਹਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ 8 ਮਹੀਨੇ ਦੇ ਬੱਚੇ ਦੇ ਇਲਾਵਾ 12 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਦੇ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇ 'ਚ ਹੁਣ ਮਰੀਜ਼ਾਂ ਦਾ ਆਂਕੜਾ ਵੱਧ ਕੇ 481 ਹੋ ਗਿਆ ਹੈ, ਜਿਨ੍ਹਾਂ 'ਚੋਂ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੰਮ੍ਰਿਤਸਰ 'ਚ ਪੰਜਾਬ ਭਰ 'ਚ ਸੱਭ ਤੋਂ ਵਧ ਕੋਰੋਨਾ ਵਾਇਰਸ ਦੇ ਕੇਸ ਪਾਏ ਗਏ ਹਨ। ਸਿਹਤ ਵਿਭਾਗ ਵਲੋਂ ਜ਼ਿਲ੍ਹੇ ਨੂੰ ਰੈੱਡ ਜ਼ੋਨ ਐਲਾਨਿਆ ਗਿਆ ਹੈ। ਪ੍ਰਸ਼ਾਸਨ ਵਲੋਂ ਕਮਿਊਨਟੀ 'ਚ ਫੇਲ ਰਹੇ ਕੋਰੋਨਾ ਨਾ ਰੋਕਣ ਲਈ ਗੰਭੀਰਤਾ ਨਾਲ ਕੰਮ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਪ੍ਰਤੀ ਦਿਨ ਕਮਿਊਨਟੀ ਨਾਲ ਲਗਾਤਾਰ ਕੇਸ ਵੱਧ ਰਹੇ ਹਨ।
10 ਹੋਰ ਨਵੇਂ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
ਜਲੰਧਰ : ਜਲੰਧਰ 'ਚ ਕੋਰੋਨਾ ਵਾਇਰਸ ਨੇ ਤੇਜ਼ੀ ਨਾਲ ਰਫ਼ਤਾਰ ਫੜ ਲਈ ਹੈ। ਜਲੰਧਰ 'ਚ ਐਤਵਾਰ ਨੂੰ 10 ਹੋਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜਲੰਧਰ 'ਚ ਹੁਣ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 298 ਤਕ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ 'ਚ 4 ਪੁਰਸ਼ ਅਤੇ 6 ਔਰਤਾਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਕੇਸਾਂ 'ਚੋਂ 4 ਰੋਜ਼ ਗਾਰਡਨ, 3 ਲੰਮਾ ਪਿੰਡ 1 ਪ੍ਰੀਤ ਨਗਰ ਲਾਡੋਵਾਲੀ ਰੋਡ, 1 ਭਾਰਗੋ ਕੈਂਪ ਅਤੇ 1 ਪਿੰਡ ਵਿਰਕਾਂ ਦਾ ਸ਼ਾਮਲ ਹੈ। ਇਨ੍ਹਾਂ 'ਚੋਂ 2 ਬੱਚੇ 6 ਸਾਲ ਦਾ ਲੜਕਾ ਅਤੇ 6 ਸਾਲ ਦੀ ਲੜਕੀ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਪਟਿਆਲਾ 'ਚ 5 ਪਾਜ਼ੇਟਿਵ ਮਾਮਲੇ
ਪਟਿਆਲਾ : ਜ਼ਿਲੇ ਵਿਚ ਪੰਜ ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚੋਂ ਇਕ ਦੀ ਮੋਤ ਹੋ ਗਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦਸਿਆ ਕਿ ਪਟਿਆਲਾ ਦੇ DMW ਏਰੀਏ ਵਿਚ ਇਕੋ ਪਰਵਾਰ ਦੇ ਰਹਿਣ ਵਾਲੇ ਦੋ ਜੀਅ 28 ਸਾਲਾ ਔਰਤ ਅਤੇ 10 ਸਾਲਾ ਲੜਕਾ ਜੋ ਕਿ ਕੁਝ ਦਿਨ ਪਹਿਲਾ ਗੁਰੂਗ੍ਰਾਮ ਤੋਂ ਵਾਪਸ ਆਏ ਸਨ, ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਨਾਭਾ ਦੇ ਗੱਲੀ ਗਿਲਜੀਆਂ ਨੇੜੇ ਮੈਹਸ ਗੇਟ ਵਿਚ ਰਹਿਣ ਵਾਲਾ 65 ਸਾਲ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਨਾਭਾ ਦਾ ਹੀ ਆਦਰਸ਼ ਕਲੋਨੀ ਦਾ ਰਹਿਣ ਵਾਲਾ 46 ਸਾਲਾ ਵਿਅਕਤੀ ਦੀ ਵੀ ਰਿਪੋਰਟ ਕੋਰਨਾ ਪਾਜ਼ੇਟਿਵ ਆਈ ਹੈ।
ਕਪੂਰਥਲਾ 'ਚ ਚਾਰ ਕੇਸ ਆਏ ਸਾਹਮਣੇ
ਕਪੂਰਥਲਾ : ਫਗਵਾੜਾ ਨਾਲ ਸੰਬੰਧਿਤ ਪਿੰਡ ਮਾਇਓ ਪਟੀ ਵਿਖੇ ਚਾਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ਆਈ ਹੈ। ਇਹ ਲੋਕ 2 ਜੂਨ ਨੂੰ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਆਏ ਸਨ।
ਫ਼ਰੀਦਕੋਟ 'ਚ 3 ਹੋਰ ਮਰੀਜ਼ ਆਏ
ਕੋਟਕਪੂਰਾ : ਜ਼ਿਲ੍ਹਾ ਫ਼ਰੀਦਕੋਟ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ 71 ਹੋ ਗਈ ਹੈ, ਜਿਨ੍ਹਾਂ 'ਚੋਂ 61 ਤੰਦਰੁਸਤ ਹੋ ਕੇ ਘਰੋ ਘਰੀਂ ਪਹੁੰਚ ਗਏ ਹਨ, ਜਦਕਿ 10 ਕੋਰੋਨਾ ਪੀੜਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਦੇ ਆਈਸੋਲੇਸ਼ਨ ਵਾਰਡ 'ਚ ਜੇਰੇ ਇਲਾਜ ਹਨ। ਬੀਤੇ ਕੱਲ 7 ਮਰੀਜ਼ ਇਲਾਜ ਅਧੀਨ ਸਨ ਤੇ ਬੀਤੀ ਦੇਰ ਸ਼ਾਮ ਇਕ ਪੁਲਿਸ ਦੇ ਥਾਣੇਦਾਰ ਅਤੇ ਦੋ ਉਸਦੇ ਸੰਪਰਕ 'ਚ ਆਏ ਨੋਜਵਾਨਾਂ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਉਣ ਨਾਲ ਮਰੀਜਾਂ ਦੀ ਕੁੱਲ ਗਿਣਤੀ 10 ਹੋ ਗਈ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ ਕੋਵਿਡ-19 ਦੇ ਅੱਜ ਤੱਕ 5749 ਸੈਂਪਲ ਜਾਂਚ ਲਈ ਲੈਬ 'ਚ ਭੇਜੇ ਜਾ ਚੁੱਕੇ ਹਨ। ਜਿੰਨਾ 'ਚੋਂ 5230 ਰਿਪੋਰਟਾਂ ਨੈਗੇਟਿਵ ਆਈਆਂ, ਜਦਕਿ 358 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ।
ਗੁਰਦਾਸਪੁਰ 'ਚ ਤਿੰਨ ਦੀ ਰੀਪੋਰਟ ਆਈ ਪਾਜ਼ੇਟਿਵ
ਗੁਰਦਾਸਪੁਰ : ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦਸਿਆ ਕਿ ਅੱਜ 3 ਵਿਅਕਤੀਆਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿਚ 2 ਪੀੜਤ ਬੀਤੇ ਦਿਨੀ ਸ਼ੁਕਰਪੁਰਾ ਬਟਾਲਾ ਦੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਏ ਸਨ, ਇਹ ਉਸ ਦੇ ਪਰਵਾਰਕ ਮੈਂਬਰ ਹਨ। ਪਿੰਡ ਕੰਮੋਨੰਗਲ (ਬਟਾਲਾ) ਦੀ ਪੀੜਤ ਔਰਤ ਦੇ ਸੰਪਰਕ ਵਿਚ ਆਈ ਉਸ ਦੀ ਪਰਿਵਾਰਕ ਮੈਂਬਰ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ 5093 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 4698 ਨੈਗਟਿਵ, 247 ਪੈਂਡਿੰਗ ਅਤੇ 152 ਪਾਜ਼ੇਟਿਵ ਮਰੀਜ਼ ਸ਼ਾਮਲ ਹਨ। 148 ਕੋਰੋਨਾ ਪੀੜਤਾਂ ਵਿਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, 133 ਮਰੀਜ਼ਾਂ ਘਰਾਂ ਨੂੰ ਭੇਜੇ ਗਏ ਹਨ, (129 ਠੀਕ ਹੋਏ ਹਨ ਅਤੇ 4 ਘਰਾਂ ਵਿਚ ਏਕਾਂਤਵਾਸ ਕੀਤੇ ਗਏ ਹਨ ਅਤੇ ਜ਼ਿਲ੍ਹੇ ਵਿਚ 16 ਐਕਟਿਵ ਕੇਸ ਹਨ। ਬਟਾਲਾ ਵਿਖੇ 6, ਧਾਰੀਵਾਲ ਵਿਖੇ 6 ਅਤੇ 4 ਪੀੜਤ ਅੰਮ੍ਰਿਤਸਰ ਵਿਖੇ ਦਾਖ਼ਲ ਹਨ।
ਮੁਹਾਲੀ 'ਚ 2 ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ
ਐਸ.ਏ.ਐਸ. ਨਗਰ : ਜ਼ਿਲ੍ਹਾ ਮੁਹਾਲੀ ਅੰਦਰ ਅੱਜ ਦੋ ਹੋਰ ਨਵੇਂ ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਣ ਨਾਲ ਜ਼ਿਲ੍ਹੇ ਅੰਦਰ ਹੁਣ ਤਕ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 129 ਤਕ ਪਹੁੰਚ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਇਨ੍ਹਾਂ ਮਰੀਜ਼ਾਂ ਦੀ ਪਛਾਣ ਕਮਲ ਅਰੋੜਾ ਵਾਸੀ ਜ਼ੀਰਕਪੁਰ ਅਤੇ ਇਕ ਪੁਲਿਸ ਮੁਲਾਜ਼ਮ ਜੋ ਕਿ ਕੁਰਾਲੀ ਦੇ ਸਿੰਘਪੁਰਾ ਮਾਰਗ 'ਤੇ ਰਹਿਣ ਵਾਲਾ ਹੈ, ਦੀ ਰੀਪੋਰਟ ਵੀ ਅੱਜ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਨੇ ਦਸਿਆ ਕਿ ਇਹ ਪੁਲਿਸ ਮੁਲਾਜ਼ਮ ਡੀ.ਐਸ.ਪੀ. ਖਰੜ ਦੀ ਟੀਮ ਨਾਲ ਅਟੈਚ ਹੈ ਅਤੇ ਵਿਭਾਗ ਵਲੋਂ ਕੀਤੀ ਗਈ ਪੁਲਿਸ ਮੁਲਾਜ਼ਮਾਂ ਦੀ ਸਿਹਤ ਜਾਂਚ ਦੌਰਾਨ ਇਸ ਕਾਂਸਟੇਬਲ (constable coronavirus positive) ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਦੋਵਾਂ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਦਾਖ਼ਲ ਕਰਵਾ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 18 ਹੋ ਚੁੱਕੀ ਹੈ।
ਪਠਾਨਕੋਟ 'ਚ ਮਿਲੇ ਦੋ ਹੋਰ ਪਾਜ਼ੇਟਿਵ
ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਵਿਚ 2 ਹੋਰ ਲੋਕਾਂ ਦੀ ਮੈਡੀਕਲ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 88 ਹੋ ਗਈ ਹੈ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿਤੀ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਦੋ ਦਿਨ ਪਹਿਲਾ ਮਾਰਕਿਟ ਕਮੇਟੀ ਪਠਾਨਕੋਟ ਵਲੋਂ ਸਬਜ਼ੀ ਮੰਡੀ ਵਿਚ ਕੈਂਪ ਲਗਾਇਆ ਗਿਆ ਸੀ ਜਿਸ ਦੌਰਾਨ ਸਬਜੀ ਮੰਡੀ ਵਿਚ ਫੜੀ ਲਗਾਉਣ ਵਾਲਿਆਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਵਿਚੋਂ ਦੋ ਲੋਕਾਂ ਨੂੰ ਕੋਰੋਨਾ ਦੇ ਲੱਛਣ ਸਨ ਜਿਨ੍ਹਾਂ ਦੀ ਅੱਜ ਮੈਡੀਕਲ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦਸਿਆ ਕਿ ਜਿਨ੍ਹਾਂ ਦੋ ਲੋਕਾਂ ਦੀ ਕੋਰੋਨਾ ਪਾਜ਼ੇਟਿਵ ਰੀਪੋਰਟ ਆਈ ਹੈ ਇਕ ਮੀਰਪੁਰ ਕਾਲੋਨੀ ਅਤੇ ਦੂਸਰਾ ਵਿਅਕਤੀ ਮਾਡਲ ਟਾਊਨ ਪਠਾਨਕੋਟ ਦਾ ਰਹਿਣ ਵਾਲਾ ਹੈ। ਇਨ੍ਹਾਂ ਦੋਵਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਉੁਨ੍ਹਾਂ ਦੇ ਵੀ ਸੈਂਪਲ ਲਏ ਜਾਣਗੇ।
ਬਠਿੰਡਾ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਮਿਲਿਆ
ਬਠਿੰਡਾ : ਜ਼ਿਲ੍ਹੇ ਵਿਚੋਂ ਅੱਜ ਇਕ ਹੋਰ ਵਿਅਕਤੀ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਇਹ ਗੋਨਿਆਣਾ ਇਲਾਕੇ ਨਾਲ ਸਬੰਧਤ ਹੈ ਅਤੇ ਇਸ ਦਾ ਦਿੱਲੀ ਯਾਤਰਾ ਦਾ ਪਿਛੋਕੜ ਹੈ ਅਤੇ ਫਿਲਹਾਲ ਇਹ ਦਿੱਲੀ ਗਿਆ ਹੋਇਆ ਹੈ। ਇਹ ਵਿਅਕਤੀ ਪੁਰਸ਼ ਹੈ ਅਤੇ ਬਾਲਗ ਹੈ। ਇਸ ਤੋਂ ਬਿਨਾਂ ਅੱਜ 142 ਨੈਗੇਟਿਵ ਰੀਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਜ਼ਿਲ੍ਹੇ ਵਿਚ ਹੁਣ ਤਕ ਕੁੱਲ 62 ਲੋਕਾਂ ਦੀਆਂ ਕੋਰੋਨਾ ਪਾਜ਼ੇਟਿਵ ਰੀਪੋਰਟਾਂ ਆਈਆਂ ਹਨ। ਉਧਰ ਜ਼ਿਲ੍ਹੇ ਵਿਚ ਅੱਜ ਇਕ ਹੋਰ ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਅਪਣੇ ਘਰ ਪਰਤ ਗਿਆ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਸਿਆ ਕਿ ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ 11 ਰਹਿ ਗਈ ਹੈ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿਚ ਕੋਵਿਡ 19 ਬਿਮਾਰੀ 'ਤੇ ਫ਼ਤਿਹ ਹਾਸਲ ਕਰਨ ਵਾਲਿਆਂ ਦੀ ਗਿਣਤੀ 51 ਹੋ ਗਈ ਹੈ।
ਜ਼ੀਰਕਪੁਰ ਵਿਚ ਆਇਆ ਕੋਰੋਨਾ ਦਾ ਇਕ ਹੋਰ ਮਰੀਜ਼
ਜ਼ੀਰਕਪੁਰ : ਜ਼ੀਰਕਪੁਰ ਸ਼ਹਿਰ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਆਈ ਰੀਪੋਰਟ ਵਿਚ ਕੋਰੋਨਾ ਦੇ ਇਕ ਹੋਰ ਨਵਾਂ ਮਰੀਜ਼ ਸਾਹਮਣੇ ਆਉਣ ਨਾਲ ਕੋਵਿਡ-19 ਮਰੀਜ਼ਾਂ ਦੀ ਸ਼ਹਿਰ ਵਿਚ ਕੁਲ ਗਿਣਤੀ 9 ਹੋ ਗਈ ਹੈ। ਸਿਹਤ ਵਿਭਾਗ ਵਲੋਂ ਭੇਜੇ ਗਏ ਟੈਸਟਾਂ ਵਿਚੋਂ ਕਈ ਸ਼ੱਕੀ ਮਰੀਜ਼ਾਂ ਦੀਆਂ ਰੀਪੋਰਟਾਂ ਨੈਗੇਟਿਵ ਵੀ ਆਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਇੰਸਪੈਕਟਰ ਲਖਵਿੰਦਰ ਪਾਲ ਸਿੰਘ ਨੇ ਦਸਿਆ ਕਿ ਕੋਰੋਨਾ ਪਾਜ਼ੇਟਿਵ (coronavirus positive) ਪਾਏ ਗਏ ਮਰੀਜ਼ ਦੀ ਪਛਾਣ ਕਮਲ ਅਰੋੜਾ ਵਾਸੀ ਮਕਾਨ ਨੰਬਰ 73 ਮਮਤਾ ਇੰਕਲੇਵ ਢਕੋਲੀ ਵਜੋਂ ਹੋਈ ਹੈ, ਜਿਸ ਨੂੰ ਬੀਤੀ ਦੇਰ ਰਾਤ ਇਲਾਜ ਲਈ ਗਿਆਨ ਸਾਗਰ ਹਸਪਤਾਲ ਵਿਖੇ ਭੇਜ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਹ ਵਿਅਕਤੀ 1 ਜੂਨ ਨੂੰ ਅੰਮ੍ਰਿਤਸਰ ਤੋਂ ਆਇਆ ਸੀ ਜੋ ਕਿ ਪੇਸ਼ੇ ਵਜੋਂ ਫੋਟੋਗ੍ਰਾਫ਼ੀ ਦਾ ਕੰਮ ਕਰਦਾ ਹੈ। ਉਨ੍ਹਾਂ ਦਸਿਆ ਕਿ ਵਿਭਾਗ ਵਲੋਂ ਇਸ ਦੌਰਾਨ ਉਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।
ਖੰਨਾ 'ਚ ਆਈ 1 ਹੋਰ ਕੋਰੋਨਾ ਪੀੜਤ
ਖੰਨਾ : ਖੰਨਾ ਸ਼ਹਿਰ ਦੇ ਬੈਂਕ ਕਾਲੋਨੀ ਇਲਾਕੇ 'ਚ ਇਕ 27 ਸਾਲਾ ਲੜਕੀ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਇਲਾਕੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਇਕ ਦਰਜਨ ਤਕ ਪੁੱਜ ਗਈ ਹੈ।SMO ਰਜਿੰਦਰ ਗੁਲਾਟੀ ਅਨੁਸਾਰ ਸਬੰਧਤ ਲੜਕੀ ਨੂੰ ਗੁਲਾਮ ਮੁਹੰਮਦ ਦੀਵਾਨਾ ਸਿਵਲ ਹਸਪਤਾਲ ਖੰਨਾ ਵਿਖੇ ਆਈਸੋਲੇਸ਼ਨ ਵਾਰਡ (shifted to isolation ward) 'ਚ ਸ਼ਿਫ਼ਟ ਕਰ ਦਿਤਾ ਗਿਆ ਹੈ। ਗੁਲਾਟੀ ਅਨੁਸਾਰ ਇਸ ਤੋਂ ਪਹਿਲਾਂ ਆਈਸੋਲੇਸ਼ਨ ਵਾਰਡ 'ਚ 7 ਕੋਰੋਨਾ ਪਾਜ਼ੇਟਿਵ ਕੇਸ ਇਲਾਜ ਅਧੀਨ ਚਲ ਰਹੇ ਹਨ। ਜਾਣਕਾਰੀ ਮੁਤਾਬਕ ਲੜਕੀ ਦਾ ਭਰਾ ਜਿਹੜਾ ਕਿ ਦਿੱਲੀ ਵਿਖੇ ਰਹਿੰਦਾ ਹੈ, ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਜਿਸ ਨੂੰ ਮਿਲਣ ਤੋਂ ਬਾਅਦ ਉਕਤ ਲੜਕੀ ਨੇ ਖੰਨਾ ਆ ਕਿ ਖ਼ੁਦ ਸਿਵਲ ਹਸਪਤਾਲ ਵਿਖੇ ਕੋਰੋਨਾ ਟੈਸਟ ਲਈ ਸੈਪਲ ਦਿਤੇ ਸਨ ਅਤੇ ਉਹ ਅਪਣੇ ਘਰ ਵਿਚ ਹੀ ਸੀ।
SMO ਰਜਿੰਦਰ ਗੁਲਾਟੀ ਨੇ ਦਸਿਆ ਹੈ ਕਿ 3 ਜੂਨ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਹੋਈ ਸੈਂਪਲਿੰਗ ਵਿਚ 5 ਵਿਅਕਤੀਆਂ ਦੀ ਰੀਪੋਰਟ 'ਚੋਂ ਉਕਤ ਲੜਕੀ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਜਦਕਿ ਬਾਕੀ 4 ਵਿਅਕਤੀਆਂ ਦੀ ਰੀਪੋਰਟ ਨੈਗੇਟਿਵ ਆਈ ਹੈ। ਸਿਹਤ ਵਿਭਾਗ ਵਲੋਂ ਲੜਕੀ ਦੇ ਸੰਪਰਕ 'ਚ ਆਉਣ ਵਾਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪੁਲਿਸ ਵਲੋਂ ਇਲਾਕੇ ਨੂੰ ਸੀਲ ਕਰ ਦਿਤਾ ਗਿਆ ਹੈ।
ਦਿੱਲੀ ਤੋਂ ਨਵਾਂਸ਼ਹਿਰ ਆਏ ਤਿੰਨ ਕੋਰੋਨਾ ਪਾਜ਼ੇਟਿਵ
ਨਵਾਂਸ਼ਹਿਰ : ਦਿੱਲੀ ਤੋਂ ਬੀਤੀ 31 ਮਈ ਨੂੰ ਨਵਾਂਸ਼ਹਿਰ ਸਥਿਤ ਆਪਣੇ ਪੇਕੇ ਪਰਿਵਾਰ ਆਈ ਧੀ, ਉਸ ਦਾ ਪਤੀ ਤੇ ਤਿੰਨ ਸਾਲ ਦਾ ਪੁੱਤ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ ਤਿੰਨਾਂ ਨੂੰ ਹੀ ਪੇਕੇ ਘਰ 'ਚ ਹੀ ਇਕਾਂਤਵਾਸ ਕੀਤਾ ਹੋਇਆ ਸੀ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਇਨ੍ਹਾਂ ਤਿੰਨਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸਥਿਤ ਕੋਵਿਡ ਕੇਅਰ ਸੈਂਟਰ 'ਚ ਭੇਜ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਤਿੰਨਾਂ ਦੇ ਦਿੱਲੀ ਤੋਂ ਆਉਣ ਕਾਰਨ, ਉਥੋਂ ਹੀ ਪੀੜਤ ਹੋ ਕੇ ਆਏ ਹਨ।
ਬਰਨਾਲਾ 'ਚ ਦੋ ਹੋਰ ਮੁਲਾਜ਼ਮ ਆਏ ਕੋਰੋਨਾ ਪਾਜ਼ੇਟਿਵ
ਬਰਨਾਲਾ : ਪੁਲਿਸ ਜ਼ਿਲ੍ਹਾ ਬਰਨਾਲਾ ਦੇ ਦੋ ਹੋਰ ਮੁਲਾਜ਼ਮਾਂ ਦੀਆਂ ਕੋਰੋਨਾ ਰੀਪੋਰਟਾਂ ਪਾਜ਼ੇਟਿਵ ਆਉਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਟੱਲੇਵਾਲ ਦੇ ਇਕ ਏ.ਐਸ.ਆਈ. ਅਤੇ ਪੁਲਿਸ ਥਾਣਾ ਮਹਿਲ ਕਲਾਂ ਦੇ ਹੋਮਗਾਰਡ ਦੇ ਸਿਪਾਹੀ ਦੀਆਂ covid-19 ਰੀਪੋਰਟਾਂ ਅੱਜ ਪਾਜ਼ੇਟਿਵ ਆਈਆ ਹਨ। ਜਿਨ੍ਹਾਂ ਨੂੰ ਅੱਜ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮਾਲਵਾ ਕਾਲਜ ਮਹਿਲ ਕਲਾਂ ਤੋਂ ਸੋਹਲ ਪੱਤੀ ਹਸਪਤਾਲ ਬਰਨਾਲਾ ਭੇਜ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਹਿਲ ਕਲਾਂ ਪੁਲਿਸ ਵਲੋਂ ਫੜੇ ਨਸ਼ਾ ਤਸਕਰ ਦੀ ਕੋਰੋਨਾ ਰੀਪੋਰਟ 2 ਜੂਨ ਨੂੰ ਪਾਜ਼ੇਟਿਵ (report positive) ਆਉਣ ਤੋਂ ਬਾਅਦ 50 ਦੇ ਕਰੀਬ ਟੱਲੇਵਾਲ ਅਤੇ ਮਹਿਲ ਕਲਾਂ ਪੁਲਿਸ ਦੇ ਕਰਮਚਾਰੀ ਮਾਲਵਾ ਕਾਲਜ ਮਹਿਲ ਕਲਾਂ 'ਚ ਇਕਾਂਤਵਾਸ ਕੀਤੇ ਹੋਏ ਹਨ। ਜਿਨ੍ਹਾਂ 'ਚੋਂ ਇਕ ਕਾਂਸਟੇਬਲ ਦੀ ਰੀਪੋਰਟ ਕਲ ਪਾਜ਼ੇਟਿਵ ਆਈ ਸੀ। ਇਨ੍ਹਾਂ ਦੋ ਪੁਲਿਸ ਕਰਮੀਆਂ ਦੀਆਂ ਰੀਪੋਰਟਾਂ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਪੁਲਿਸ 'ਚ ਕੋਰੋਨਾ ਪੀੜਤਾਂ ਦੀ ਗਿਣਤੀ 3 ਹੋ ਗਈ ਹੈ।