ਚੰਡੀਗੜ੍ਹ : ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨੀਂ ਸਾਕਾ ਨੀਲਾ ਤਾਰੇ ਦੇ ਪ੍ਰੋਗਰਾਮ ਮੌਕੇ ਖ਼ਾਲਿਸਤਾਨ ਲੈਣ ਸਬੰਧੀ ਦਿਤੇ ਬਿਆਨ ਨਾਲ ਸਿਆਸੀ ਹਲਕਿਆਂ 'ਚ ਚਰਚਾ ਛਿੜ ਗਈ ਹੈ, ਉਥੇ ਇਸ ਦਾ ਅਕਾਲੀ-ਭਾਜਪਾ ਗਠਜੋੜ 'ਤੇ ਵੀ ਅਸਰ ਪੈ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਦੇ ਕਈ ਪ੍ਰਮੁੱਖ ਨੇਤਾਵਾਂ ਨੂੰ ਜਥੇਦਾਰ ਦਾ ਬਿਆਨ ਹਜ਼ਮ ਨਹੀਂ ਆ ਰਿਹਾ ਅਤੇ ਉਹ ਪਾਰਟੀ ਦੀ ਪ੍ਰਦੇਸ਼ ਲੀਡਰਸ਼ਿਪ ਉਪਰ ਦਬਾ ਬਣਾ ਰਹੇ ਹਨ ਕਿ ਜਥੇਦਾਰ ਵਲੋਂ ਦਿਤੇ ਬਿਆਨ ਬਾਰੇ ਅਕਾਲੀ ਲੀਡਰਸ਼ਿਪ ਵਿਸ਼ੇਸ਼ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸਖਬੀਰ ਸਿੰਘ ਬਾਦਲ ਤੋਂ ਤੁਰਤ ਸਪੱਸ਼ਟੀਕਰਨ ਲਿਆ ਜਾਵੇ। ਜ਼ਿਕਰਯੋਗ ਹੈ ਕਿ ਜਥੇਦਾਰ ਦੇ ਬਿਆਨ ਬਾਰੇ ਦੋਵੇਂ ਬਾਦਲ ਚੁੱਪ ਹਨ ਜਦ ਕਿ ਪਾਰਟੀ ਵਲੋਂ ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਨੇ ਬੀਤੇ ਦਿਨੀਂ ਸੰਖੇਪ ਪ੍ਰਤੀਕਿਰਿਆ ਜ਼ਰਰੂਰ ਦਿਤੀ ਹੈ, ਜਿਸ ਬਾਰੇ ਖ਼ਾਲਿਸਤਾਨ ਦੇ ਹੱਕ ਜਾਂ ਵਿਰੋਧ ਵਿਚ ਸਪੱਸ਼ਟ ਤੌਰ 'ਤੇ ਕੁੱਝ ਨਹੀਂ ਕਿਹਾ ਗਿਆ।
ਪੰਜਾਬ ਭਾਜਪਾ ਆਗੂ ਚਾਹੁੰਦੇ ਹਨ ਖ਼ਾਲਿਸਤਾਨ ਦੇ ਮੁੱਦੇ 'ਤੇ ਬਾਦਲਾਂ ਤੋਂ ਸਪੱਸ਼ਟੀਕਰਨ
ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਤਾਂ ਬਹੁਤ ਹੀ ਤਿੱਖੀ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਖ਼ਾਲਿਸਤਾਨ ਕਿਸੇ ਵੀ ਕੀਮਤ 'ਤੇ ਨਹੀਂ ਬਣਨ ਦਿਤਾ ਜਾਵੇਗਾ ਅਤੇ ਅਜਿਹੀਆਂ ਗੱਲਾਂ ਕਰਨ ਵਾਲਿਆਂ ਨੂੰ ਉਹ ਮੂੰਹ ਤੋੜ ਜੁਆਬ ਦੇਣ ਲਈ ਤਿਆਰ ਹਨ। ਉਨ੍ਹਾਂ ਭਾਜਪਾ ਦੀ ਸੂਬਾ ਲੀਡਰਸ਼ਿਪ (leadership) ਨੂੰ ਵੀ ਕਿਹਾ ਕਿ ਅਕਾਲੀ ਦਲ ਕੋਲ ਸਖ਼ਤੀ ਨਾਲ ਮਾਮਲਾ ਉਠਾਇਆ ਜਾਵੇ ਅਤੇ ਜੇ ਤਸੱਲੀਬਖ਼ਸ਼ ਉਤਰ ਨਹੀਂ ਮਿਲਦਾ ਤਾਂ ਅੱਗੇ ਦਾ ਫ਼ੈਸਲਾ ਲਿਆ ਜਾਵੇ। ਇਸੇ ਤਰ੍ਹਾਂ ਦੇ ਵਿਚਾਰ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਪ੍ਰਗਟ ਕੀਤੇ ਹਨ। ਹੋਰ ਕਈ ਸੀਨੀਅਰ ਭਾਜਪਾ ਆਗੂ ਵੀ ਜਥੇਦਾਰ ਦੇ ਬਿਆਨ ਤੋਂ ਕਾਫ਼ੀ ਔਖੇ ਹਨ ਪਰ ਹਾਲੇ ਖੁਲ੍ਹ ਕੇ ਬੋਲਣ ਦੀ ਥਾਂ ਪਾਰਟੀ ਅੰਦਰ ਹੀ ਅਪਣੀ ਰਾਏ ਰਖ ਰਹੇ ਹਨ। ਅਕਾਲੀ ਦਲ ਵਲੋਂ ਛੇਤੀ ਜਥੇਦਾਰ ਦੇ ਬਿਆਨ ਬਾਰੇ ਸਪੱਸ਼ਟ ਨਾ ਕਰਨ 'ਤੇ ਗਠਜੋੜ 'ਚ ਤਣਾ-ਤਣੀ ਸ਼ੁਰੂ ਹੋ ਸਕਦੀ ਹੈ।