ਜਲੰਧਰ ਵਿਚ 11 ਮਾਮਲੇ
ਜਲੰਧਰ : ਜਲੰਧਰ ਵਿਚ ਕੋਰੋਨਾ ਵਾਇਰਸ ਲਗਾਤਾਰ ਤਬਾਹੀ ਮਚਾ ਰਿਹਾ ਹੈ। ਅਜਿਹਾ ਕੋਈ ਦਿਨ ਨਹੀਂ ਲੰਘਦਾ ਜਿਸ ਦਿਨ ਕੋਈ ਪਾਜ਼ੇਟਿਵ ਕੇਸ ਨਾ ਆਇਆ ਹੋਵੇ। ਹਰ ਰੋਜ਼ ਕਰੋਨਾ ਦੇ ਨਵੇਂ ਮਾਮਲੇ ਸਾਮਣੇ ਆਉਣ ਕਰ ਕੇ ਇਹ ਗਿਣਤੀ ਵਧਦੀ ਹੀ ਜਾ ਰਹੀ ਹੈ। ਇਸ ਦੇ ਚਲਦੇ ਹੀ ਅੱਜ ਫੇਰ ਜਲੰਧਰ ਵਿਚ ਕੋਰੋਨਾ ਦੇ 11 ਨਵੇਂ ਮਾਮਲੇ ਮਿਲੇ ਹਨ। ਜਿਸ ਦੇ ਨਾਲ ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 289 ਹੋ ਗਈ ਹੈ। ਅੱਜ ਮਿਲੇ 11 ਮਰੀਜ਼ਾਂ ਵਿਚੋਂ, 4 ਆਦਮੀ ਅਤੇ 7 ਔਰਤਾਂ ਹਨ। ਇਹ ਸਾਰੇ ਮਾਮਲੇ ਮਾਡਲ ਹਾਊਸ, ਟੈਗੋਰ ਨਗਰ, ਬਸਤੀ ਗੁਜਰਾਂ ਆਦਿ ਖੇਤਰਾਂ ਵਿਚੋਂ ਸਾਹਮਣੇ ਆਏ ਹਨ। ਜਿਸ ਨਾਲ ਇਲਾਕਿਆਂ ਵਿਚ ਦਹਿਸ਼ਤ ਵੱਧ ਗਈ ਹੈ। ਮਰੀਜ਼ਾਂ ਦੇ ਪਰਿਵਾਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪਠਾਨਕੋਟ 'ਚ ਚਾਰ ਕੇਸ
ਪਠਾਨਕੋਟ : ਪਠਾਨਕੋਟ 'ਚ ਇਕ ਗਰਭਵਤੀ ਔਰਤ ਸਮੇਤ 4 ਵਿਅਕਤੀਆਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਦੱਸ ਦੇਈਏ ਕਿ ਬੀਤੇ ਦਿਨ 189 ਲੋਕਾਂ ਦੇ ਕੋਰੋਨਾ ਟੈਸਟ ਲਏ ਗਏ ਸਨ ਜਿਨ੍ਹਾਂ ਵਿਚੋਂ 185 ਲੋਕ ਕੋਰੋਨਾ ਨੈਗੇਟਿਵ ਹਨ ਅਤੇ 4 ਲੋਕ ਕੋਰੋਨਾ ਪਾਜ਼ੇਟਿਵ ਹਨ। ਇਸ ਤਰ੍ਹਾਂ ਹੁਣ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ 86 ਹੋ ਗਈ ਹੈ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿਤੀ। ਉਨ੍ਹਾਂ ਦਸਿਆ ਕਿ ਇਸ ਸਮੇਂ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ 86 ਹੋ ਗਈ ਹੈ ਜਦਕਿ 4 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਮੌਤ ਹੋ ਚੁੱਕੀ ਹੈ।
ਅੰਮ੍ਰਿਤਸਰ 'ਚ 28 ਨਵੇਂ ਮਾਮਲੇ
ਅੰਮ੍ਰਿਤਸਰ : ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 28 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਥੇ ਦਸਣਯੋਗ ਹੈ ਕਿ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ ਕੁਲ 468 ਹੋ ਗਿਆ ਹੈ, ਜਿਨ੍ਹਾਂ 'ਚੋਂ 8 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਇਲਾਵਾ 344 ਮਰੀਜ਼ ਠੀਕ ਹੋ ਕੇ ਅਪਣੇ ਘਰ ਜਾ ਚੁੱਕੇ ਹਨ ਜਦਕਿ 116 ਮਰੀਜ਼ ਅਜੇ ਵੀ ਇਲਾਜ ਅਧੀਨ ਹਸਪਤਾਲ 'ਚ ਦਾਖ਼ਲ ਹਨ।
ਫ਼ਰੀਦਕੋਟ 'ਚ ਦੋ ਥਾਣੇਦਾਰ ਤੇ ਇਕ ਔਰਤ ਕੋਰੋਨਾ ਪੀੜਤ
ਕੋਟਕਪੂਰਾ : ਫਰੀਦਕੋਟ ਜਿਲਾ ਕੋਰੋਨਾ ਮੁਕਤ ਹੁੰਦਾ-ਹੁੰਦਾ ਰਹਿ ਗਿਆ, ਕਿਉਂਕਿ ਅੱਜ ਫਿਰ ਦੋ ਹੋਰ ਕੋਰੋਨਾ ਤੋਂ ਪੀੜਤ ਮਰੀਜ ਸਾਹਮਣੇ ਆਉਣ ਨਾਲ ਕੁੱਲ ਮਰੀਜਾਂ ਦੀ ਗਿਣਤੀ 7 ਹੋ ਗਈ ਹੈ। ਸਥਾਨਕ ਸਿਟੀ ਥਾਣੇ 'ਚ ਤੈਨਾਤ ਇਕ ਏਐਸਆਈ ਚਮਕੌਰ ਸਿੰਘ ਢੁੱਡੀ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸਿਹਤ ਵਿਭਾਗ ਨੇ ਉਸਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੀ ਭਾਲ ਆਰੰਭ ਦਿੱਤੀ ਹੈ। ਇਸੇ ਤਰਾਂ ਨੇੜਲੇ ਪਿੰਡ ਟਹਿਣਾ ਦੀ ਵਸਨੀਕ ਇਕ ਔਰਤ ਨੂੰ ਬੁਖਾਰ ਦੀ ਸ਼ਿਕਾਇਤ ਸੀ ਤੇ ਸੈਂਪਲਾਂ ਦੀ ਜਾਂਚ ਰਿਪੋਰਟ ਪਾਜ਼ੇਟਿਵ ਪਾਈ ਗਈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਵੀ ਇਕ ਸਿਟੀ ਥਾਣਾ ਕੋਟਕਪੂਰਾ ਦਾ ਏਐਸਆਈ ਬਿੰਦਰ ਸਿੰਘ ਨੂੰ ਕੋਰੋਨਾ ਪੀੜਤ ਪਾਇਆ ਗਿਆ ਸੀ। ਸਥਾਨਕ ਸਿਟੀ ਥਾਣੇ ਵਿਖੇ ਉਕਤ ਦੋਨੋਂ ਥਾਣੇਦਾਰਾਂ ਦੇ ਸੰਪਰਕ 'ਚ ਆਉਣ ਵਾਲੇ ਪੁਲਿਸ ਮੁਲਾਜਮਾਂ ਨੂੰ ਇਕਾਂਤਵਾਸ ਕਰ ਦੇਣ ਨਾਲ ਪੁਲਿਸ ਪ੍ਰਸ਼ਾਸ਼ਨ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦਾ ਖਤਰਾ ਬਣ ਗਿਆ ਹੈ। ਬਲਕਾਰ ਸਿੰਘ ਸੰਧੂ ਡੀਐਸਪੀ ਅਤੇ ਰਾਜਬੀਰ ਸਿੰੰਘ ਸੰਧੂ ਐਸਐਚਓ ਕੋਟਕਪੂਰਾ ਮੁਤਾਬਿਕ ਸਿਟੀ ਥਾਣੇ ਦੇ ਹੋਰ ਪੁਲਿਸ ਮੁਲਾਜਮਾਂ ਦੀ ਮੰਗ ਕੀਤੀ ਗਈ ਹੈ।
ਬਰਨਾਲਾ ਇਕ ਪਾਜ਼ੇਟਿਵ
ਬਰਨਾਲਾ: ਕੁੱਝ ਦਿਨ ਪਹਿਲਾਂ ਮਹਿਲ ਕਲਾਂ ਪੁਲਿਸ ਵਲੋਂ ਹਿਰਾਸਤ 'ਚ ਲਏ ਨਸ਼ਾ ਤਸਕਰ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਅੱਜ ਮਹਿਲ ਕਲਾਂ ਪੁਲਿਸ ਦੇ ਕਰਮਚਾਰੀ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਰੋਨਾ ਰੈਪਿਡ ਰਿਸਪਾਂਸ ਟੀਮ ਦੇ ਨੋਡਲ ਅਫ਼ਸਰ ਡਾ. ਸਿਮਰਨਜੀਤ ਸਿੰਘ ਨੇ ਦਸਿਆ ਕਿ ਅੱਜ ਕੋਰੋਨਾ ਪਾਜ਼ੇਟਿਵ ਆਇਆ ਇਹ 30 ਸਾਲਾ ਪੁਲਿਸ ਕਰਮਚਾਰੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਲਾਲਾ ਨਾਲ ਸਬੰਧਤ ਹੈ, ਜੋ ਕੋਰੋਨਾ ਪੀੜਤ ਨਸ਼ਾ ਤਸਕਰ ਦੇ ਸੰਪਰਕ 'ਚ ਆਇਆ ਸੀ। ਇਸ ਦਾ 4 ਜੂਨ ਨੂੰ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਸੀ, ਜਿਸ ਦੀ ਰੀਪੋਰਟ ਅੱਜ ਪਾਜ਼ੀਟਿਵ ਆਈ ਹੈ। ਰਿਪੋਰਟ ਆਉਣ ਤੋਂ ਤੁਰੰਤ ਬਾਅਦ ਸਿਹਤ ਵਿਭਾਗ ਵਲੋਂ ਇਸ ਪੁਲਿਸ ਕਰਮੀ ਨੂੰ ਮਾਲਵਾ ਕਾਲਜ ਮਹਿਲ ਕਲਾਂ ਤੋਂ ਬਰਨਾਲਾ ਰੈਫ਼ਰ ਕਰ ਦਿਤਾ ਗਿਆ।
ਬਠਿੰਡਾ ਦਾ ਇਕ ਪਾਜ਼ੇਟਿਵ
ਬਠਿੰਡਾ : ਜ਼ਿਲ੍ਹੇ ਦੀ ਮੌੜ ਤਹਿਸੀਲ ਵਿਚ ਮੋੜ ਕਲਾਂ ਦੇ ਇਕ ਵਿਅਕਤੀ ਦੀ ਕੋਵਿਡ 19 ਦੀ ਟੈਸਟ ਰੀਪੋਰਟ ਪਾਜ਼ੇਟਿਵ ਆ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਸਿਹਤ ਵਿਭਾਗ ਦੇ ਅਮਲੇ ਨੇ ਦਸਿਆ ਕਿ ਮਰੀਜ਼ ਨਰਿੰਦਰ ਸਿੰਘ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ, ਜੋ ਦਿੱਲੀ ਤੋਂ ਪਰਤਿਆ ਸੀ, ਜ਼ਿਲ੍ਹੇ ਵਿਚ ਆਉਣ ਤੋਂ ਲੈ ਕੇ ਉਹ ਘਰ ਵਿਚ ਹੀ ਏਕਾਂਤਵਾਸ ਕੀਤਾ ਹੋਇਆ ਸੀ ਜਦਕਿ ਉਸ ਦੇ ਘਰ ਵਿਚ ਉਸ ਦੇ ਮਾਂ ਬਾਪ ਸਣੇ ਪਤਨੀ ਅਤੇ ਦੋ ਬੱਚੇ ਵੀ ਹਨ। ਪ੍ਰਸ਼ਾਸਨ ਵਲੋਂ ਪਰਵਾਰਕ ਮੈਂਬਰਾਂ ਦੇ ਟੈਸਟ ਵੀ ਜਾਂਚ ਲਈ ਭੇਜੇ ਗਏ ਹਨ।
ਫ਼ਾਜ਼ਿਲਕਾ 'ਚ ਇਕ ਬਜ਼ੁਰਗ ਪਾਜ਼ੇਟਿਵ ਤੇ ਮੋਗਾ ਵਿਚ ਵੀ ਇਕ
ਫ਼ਾਜ਼ਿਲਕਾ : ਫ਼ਾਜ਼ਿਲਕਾ ਜ਼ਿਲ੍ਹੇ 'ਚ ਇਕ 65 ਸਾਲਾ ਔਰਤ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਕਰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਚੰਦਰ ਮੋਹਨ ਕਟਾਰੀਆਂ ਨੇ ਦਸਿਆ ਕਿ ਉਕਤ ਔਰਤ ਦਿੱਲੀ ਤੋਂ ਅਪਣੇ ਦੋਹਤੇ ਦੇ ਨਾਲ ਅਬੋਹਰ ਤਹਿਸੀਲ ਦੇ ਅਪਣੇ ਪਿੰਡ ਵਜੀਦਪੁਰ ਪਹੁੰਚੀ ਸੀ ਜਿਸ ਦੇ ਸਿਹਤ ਵਿਭਾਗ ਵਲੋਂ ਸੈਂਪਲ ਲਏ ਗਏ ਜਿਸ 'ਚ ਉਕਤ ਔਰਤ ਪਾਜ਼ੇਟਿਵ ਪਾਈ ਗਈ ਹੈ। ਜਦਕਿ ਉਸ ਦੇ ਦੋਹਤੇ ਦੀ ਰੀਪੋਰਟ ਨੈਗੇਟਿਵ ਆਈ ਹੈ।
ਮੋਗਾ : ਮੋਗਾ ਦੇ ਪਿੰਡ ਦੱਦਾਹੂਰ ਦਾ ਉੜੀਸਾ ਤੋਂ ਕੰਬਾਈਨ ਦਾ ਸੀਜ਼ਨ ਲਗਾ ਕੇ ਇਕ ਵਿਅਕਤੀ ਦੀ ਕੋਰੋਨਾ ਰੀਪੋਰਟ ਪਾਜ਼ੀਟਿਵ ਆਈ ਹੈ।
ਤਰਨ ਤਾਰਨ 'ਚ ਇਕ ਕੋਰੋਨਾ ਪੀੜਤ
ਤਰਨ ਤਾਰਨ : ਜ਼ਿਲ੍ਹੇ ਦੇ ਆਈਸੋਲੇਸ਼ਨ ਵਾਰਡ ਅੰਦਰ ਇਕ ਹੋਰ ਕੋਰੋਨਾ ਪੀੜਤ ਮਰੀਜ਼ ਦੇ ਦਾਖ਼ਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦਾ ਇਲਾਜ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਸ਼ੁਰੂ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਬੀਤੇ ਦਿਨ ਜਿਥੇ ਕੋਰੋਨਾ ਪੀੜਤ ਪਹਿਲੇ ਮਰੀਜ਼ ਦੀ ਮੌਤ ਹੋ ਗਈ ਹੈ, ਉਥੇ ਹੀ ਆਈਸੋਲੇਸ਼ਨ ਵਾਰਡ ਅੰਦਰ ਕੁਲ 4 ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ।