ਇੰਦੌਰ : ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੇ ਓਟੀਟੀ ਪਲੈਟਫ਼ਾਰਮ ਆਲਟ ਬਾਲਾਜੀ 'ਤੇ ਇਕ ਵੈਬ ਸੀਰੀਜ਼ ਦੇ ਪ੍ਰਸਾਰਣ ਰਾਹੀਂ ਅਸ਼ੀਲਲਤਾ ਫੈਲਾਉਣ, ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਰਾਸ਼ਟਰੀ ਪ੍ਰਤੀਕਾਂ ਦੇ ਅਪਮਾਨ ਦੇ ਦੋਸ਼ ਹੇਠ ਏਕਤਾ ਕਪੂਰ ਸਮੇਤ ਤਿੰਨ ਹੋਰ ਲੋਕਾਂ ਦੇ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਹੈ। ਮਾਮਲੇ ਦੇ ਦੋਸ਼ੀਆਂ 'ਚ ਇਸ ਵੈਬ ਸੀਰੀਜ਼ ਦੀ ਡਾਇਰੈਕਟਰ ਅਤੇ ਲੇਖਕ ਵੀ ਸ਼ਾਮਲ ਹੈ।
ਅੰਨਪੂਰਣਾ ਪੁਲਿਸ ਥਾਣੇ ਦੇ ਇੰਚਾਰਜ ਸਤੀਸ਼ ਕੁਮਾਰ ਨੇ ਸਨਿਚਰਵਾਰ ਨੂੰ ਦਸਿਆ ਕਿ ਇਹ ਐਫ਼ਆਈਆਰ ਦੋ ਸਥਾਨਕ ਵਸਨੀਕਾਂ ਵਾਲਮੀਕ ਸਕਰਗਾਏ ਅਤੇ ਨੀਰਜ ਯਾਗਨਿਕ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਕਪੂਰ ਦੇ ਓ.ਟੀ.ਟੀ ਪਲੈਟਫ਼ਾਰਮ ਆਲਟ ਬਾਲਾਜੀ 'ਤੇ ਪ੍ਰਸਾਰਤ ਵੈਬ ਸੀਰੀਜ਼ ''ਟ੍ਰਿਪਲ ਐਕਸ'' ਦੇ ਸੀਜ਼ਨ-2 ਰਾਹੀਂ ਸਮਾਜ 'ਚ ਅਸ਼ਲੀਲਤਾ ਫੈਲਾਈ ਗਈ ਅਤੇ ਇਕ ਭਾਈਚਾਰੇ ਵਿਸ਼ੇਸ਼ ਦੀ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ।