ਅੰਮ੍ਰਿਤਸਰ 'ਚ ਆਏ 15ਪਾਜ਼ੇਟਿਵ ਕੇਸ
ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੇਟਿਵ ਕੇਸ ਰੀਪੋਰਟ ਹੋਏ ਹਨ। ਜਿਸ ਨਾਲ ਕੁਲ 420 ਪਾਜ਼ੇਟਿਵ ਕੇਸ ਹੋ ਗਏ ਹਨ। 325 ਡਿਸਚਾਰਜ ਹੋਏ ਹਨ, 87 ਦਾਖਲ ਤੇ 7 ਮੌਤਾਂ ਹੋਈਆਂ ਹਨ।
ਲੁਧਿਆਣਾ 'ਚ ਮਿਲੇ 6 ਹੋਰ ਕੋਰੋਨਾ ਪਾਜ਼ੇਟਿਵ
ਲੁਧਿਆਣਾ : ਅੱਜ ਸਵੇਰੇ ਲੁਧਿਆਣਾ 'ਚ ਦੋ ਬੱਚਿਆਂ ਸਮੇਤ ਛੇ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੀਤੀ। ਇੰਝ ਪੰਜਾਬ ਵਿਚ ਹੁਣ ਤਕ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 2, 453 ਹੋ ਗਈ ਹੈ। ਲੁਧਿਆਣਾ ਦੇ ਛਾਉਣੀ ਮੁਹੱਲੇ ਦੇ ਜਿਸ 53 ਸਾਲਾ ਵਿਅਕਤੀ ਪ੍ਰਿਤਪਾਲ ਸਿੰਘ ਦੀ ਬੀਤੀ 29 ਮਈ ਨੂੰ covid-19 ਕਾਰਨ ਮੌਤ ਹੋ ਗਈ ਸੀ, ਉਸ ਦਾ 19 ਸਾਲਾ ਪੋਤਰਾ ਵੀ ਅੱਜ ਪਾਜ਼ੇਟਿਵ ਪਾਏ ਗਏ 6 ਵਿਅਕਤੀਆਂ ਵਿਚ ਸ਼ਾਮਲ ਹੈ। ਹੁਣ ਤਕ ਛਾਉਣੀ ਮੁਹੱਲੇ 'ਚੋਂ 10 ਕੋਰੋਨਾ ਮਰੀਜ਼ ਪਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮਾਨੇਸਰ ਤੋਂ ਬੀਤੀ 20 ਮਈ ਨੂੰ ਦਿੱਲੀ ਲਾਗੇ ਸਥਿਤ ਮਾਨੇਸਰ ਤੋਂ ਖੰਨਾ ਲਾਗਲੇ ਪਿੰਡ ਬਾਊਪੁਰ (ਮਨੂਪੁਰ) ਪਰਤਿਆ ਜਿਹੜਾ ਵਿਅਕਤੀ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਉਸ ਦੇ ਸੰਪਰਕ ਵਿਚ ਆਏ ਚਾਰ ਵਿਅਕਤੀਆਂ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ ਹੈ। ਇਨ੍ਹਾਂ ਵਿਚ 57 ਸਾਲਾਂ ਦੀ ਇਕ ਔਰਤ, 24 ਸਾਲਾ ਨੌਜਵਾਨ, 14 ਸਾਲਾ ਲੜਕਾ ਤੇ ਪੰਜ ਸਾਲਾਂ ਦਾ ਇਕ ਬੱਚਾ ਸ਼ਾਮਲ ਹਨ।
ਜਲੰਧਰ 'ਚ 4 ਕੋਰੋਨਾ ਪਾਜ਼ੇਟਿਵ ਮਿਲੇ
ਜਲੰਧਰ : ਸ਼ਹਿਰ 'ਚ ਵੀਰਵਾਰ ਸਵੇਰੇ ਕੋਰੋਨਾ ਦੇ 4 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ ਰੋਜ਼ ਗਾਰਡਨ ਦੀ ਇਕ 65 ਸਾਲਾ ਔਰਤ, ਲੰਬਾ ਪਿੰਡ ਦੀ ਇਕ 28 ਸਾਲਾ ਗਰਭਵਤੀ ਔਰਤ, ਲਾਡੋਵਾਲੀ ਰੋਡ, ਪ੍ਰੀਤ ਨਗਰ ਦਾ 29 ਸਾਲਾ ਵਿਅਕਤੀ ਅਤੇ ਟੈਗੋਰ ਨਗਰ ਦਾ ਇਕ 55 ਸਾਲਾ ਵਿਅਕਤੀ ਸ਼ਾਮਲ ਹੈ। ਇਸ ਤੋਂ ਬਾਅਦ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 270 ਤਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 215 ਲੋਕਾਂ ਦਾ ਇਲਾਜ ਕੀਤਾ ਗਿਆ ਹੈ, ਜਦਕਿ 9 ਦੀ ਮੌਤ ਹੋ ਚੁੱਕੀ ਹੈ।
ਪਠਾਨਕੋਟ 'ਚ ਚਾਰ ਹੋਰ ਕੋਰੋਨਾ ਮਰੀਜ਼ ਆਏ
ਪਠਾਨਕੋਟ : ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਦੇ ਚਾਰ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਸਿਹਤ ਵਿਭਾਗ ਨੂੰ ਅੱਜ 123 ਸੈਂਪਲਾਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਜਿਸ 'ਚ 4 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਹਸਪਤਾਲ ਦੇ SMO ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਜੋ 4 ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਹਨ ਉਨ੍ਹਾਂ 'ਚ 2 ਕੋਰੋਨਾ ਪਾਜ਼ੀਟਿਵ ਮਰੀਜ਼ ਸਥਾਨਕ ਗਿੱਲ ਐਵੇਨਿਊ ਦੇ ਕੋਰੋਨਾ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ 'ਚ ਆਏ ਸਨ। ਇਕ ਮਰੀਜ਼ ਫ਼ੌਜ ਦੇ ਅਧਿਕਾਰੀ ਦੀ ਪਤਨੀ ਹੈ ਅਤੇ ਇਕ ਮਰੀਜ਼ ਸ਼ਾਹਪੁਰ ਕੰਡੀ ਤੋਂ ਪਾਇਆ ਗਿਆ ਹੈ।
ਬਠਿੰਡਾ 'ਚ ਤਿੰਨ ਨਵੇਂ ਮਰੀਜ਼ ਆਏ
ਬਠਿੰਡਾ : ਬਠਿੰਡਾ ਵਿਚ ਕੋਰੋਨਾ ਵਾਇਰਸ ਦੇ ਅੱਜ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਪਤਾ ਚਲਿਆ ਹੈ ਕਿ ਉਕਤ ਨਵੇਂ ਮਰੀਜ਼ ਇਕ ਹੀ ਪਰਵਾਰ ਨਾਲ ਸਬੰਧਤ ਹਨ ਤੇ ਬਠਿੰਡਾ ਸ਼ਹਿਰ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਨਵੇਂ ਮਰੀਜ਼ਾਂ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਇਹ ਨਵੇਂ ਮਰੀਜ਼ 1 ਜੂਨ ਨੂੰ ਸ੍ਰੀ ਗੰਗਾਨਗਰ ਤੋਂ ਪਰਤੇ ਸਨ, 2 ਜੂਨ ਨੂੰ ਇਨ੍ਹਾਂ ਦੇ ਨਮੂਨੇ ਲਏ ਗਏ ਸਨ।
ਬਰਨਾਲਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ
ਬਰਨਾਲਾ : ਨਸ਼ਾ ਤਸਕਰੀ ਦੇ ਦੋਸ਼ 'ਚ ਕੁੱਝ ਦਿਨ ਪਹਿਲਾਂ ਹੀ ਮਲੇਰਕੋਟਲਾ ਤੋਂ ਗ੍ਰਿਫ਼ਤਾਰ ਕੀਤੇ ਜੁਲਫ ਗੌਰ ਅਲੀ ਨਾਂ ਦੇ ਵਿਅਕਤੀ ਦੀ ਮੈਡੀਕਲ ਜਾਂਚ ਦੌਰਾਨ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੂੰ ਭਾਜੜਾਂ ਪੈ ਗਈਆਂ। ਸਿਹਤ ਵਿਭਾਗ ਨੇ ਇਸ ਦੌਰਾਨ ਸੰਪਰਕ 'ਚ ਆਏ ਐਸ.ਐਸ.ਪੀ., ਐਸ.ਪੀ., ਏ.ਐਸ.ਪੀ. ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਮੇਤ 40 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ (ਹੋਮ ਕੁਆਰੰਨਟੀਨ) ਕਰ ਕੇ ਉਨ੍ਹਾਂ ਦੇ ਕੋਰੋਨਾ ਸੈਂਪਲ ਲੈਣੇ ਸ਼ੁਰੂ ਕਰ ਦਿਤੇ ਹਨ। ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਫ਼ਾਜ਼ਿਲਕਾ 'ਚ ਕੋਰੋਨਾ ਦੇ ਇਕ ਹੋਰ ਕੇਸ ਦੀ ਪੁਸ਼ਟੀ
ਫ਼ਾਜ਼ਿਲਕਾ : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਰ ਰੋਜ਼ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਜੋ ਇਕ ਚਿੰਤਾ ਦਾ ਵਿਸ਼ਾ ਹੈ। ਫ਼ਾਜ਼ਿਲਕਾ ਜ਼ਿਲ੍ਹੇ ਤੋਂ ਭੇਜੇ ਗਏ ਨਮੂਨਿਆਂ 'ਚੋਂ ਇਕ 45 ਸਾਲਾਂ ਮਹਿਲਾ ਦੀ ਰੀਪਰੋਟ ਪਾਜ਼ੇਟਿਵ ਆਈ ਹੈ। ਮਹਿਲਾ ਦੀ ਰੀਪੋਰਟ ਪਾਜ਼ੇਟਿਵ ਆਉਣ ਨਾਲ ਹੁਣ ਜ਼ਿਲੇ 'ਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦਿਤੀ। ਸਿਵਲ ਸਰਜਨ ਨੇ ਦਸਿਆ ਕਿ ਪਾਜ਼ੇਟਿਵ ਆਈ ਮਹਿਲਾ ਨੂੰ ਜਲਾਲਾਬਾਦ ਆਈਸੋਲੇਸ਼ਨ ਸੈਂਟਰ ਵਿਚ ਭੇਜ ਦਿਤਾ ਗਿਆ ਹੈ।
ਕਪੂਰਥਲਾ 'ਚ ASI ਆਇਆ ਕੋਰੋਨਾ ਦੀ ਲਪੇਟ 'ਚ
ਟਾਂਡਾ ਉੜਮੁੜ : ਸੂਬੇ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਦਰਮਿਆਨ ਅੱਜ ਹਲਕਾ ਭੁਲੱਥ ਅਧੀਨ ਪੈਂਦੇ ਪੁਲਿਸ ਥਾਣੇ ਬੇਗੋਵਾਲ ਦਾ ਏ.ਐਸ.ਆਈ. ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਦੱਸ ਦੇਈਏ ਕਿ ਉਕਤ ਏ.ਐਸ.ਆਈ. ਦਸੂਹਾ ਇਲਾਕੇ ਦੇ ਗੋਰਸੀਆਂ ਪਿੰਡ ਦਾ ਵਸਨੀਕ ਹੈ ਅਤੇ ਬੇਗੋਵਾਲ ਥਾਣੇ 'ਚ ਤਾਇਨਾਤ ਹੈ। ਜੋ ਰਾਤ 8 ਵਜੇ ਬੇਗੋਵਾਲ ਥਾਣੇ ਤੋਂ ਡਿਊਟੀ ਕਰ ਕੇ ਘਰ ਗਿਆ ਸੀ। ਹੁਣ ਇਸ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਬੇਗੋਵਾਲ ਸ਼ਹਿਰ ਅਤੇ ਇਲਾਕੇ ਦੇ ਲੋਕ ਖ਼ੌਫ਼ 'ਚ ਹਨ, ਕਿਉਂਕਿ ਪੁਲਿਸ ਇਲਾਕੇ 'ਚ ਕਿਤੇ ਨਾ ਕਿਤੇ ਡਿਊਟੀ 'ਤੇ ਤਾਇਨਾਤ ਰਹਿੰਦੀ ਹੈ।
ਮੁਕਤਸਰ 'ਚ ਗਰਭਵਤੀ ਔਰਤ ਆਈ ਕੋਰੋਨਾ ਪਾਜ਼ੇਟਿਵ
ਸ੍ਰੀ ਮੁਕਤਸਰ ਸਾਹਿਬ : 29 ਮਈ ਨੂੰ ਕੋਰੋਨਾ ਮੁਕਤ ਐਲਾਨੇ ਗਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਹੁਣ ਕੋਰੋਨਾ ਦੇ 3 ਸਰਗਰਮ ਮਾਮਲੇ ਹੋ ਗਏ ਹਨ। ਜਾਣਕਾਰੀ ਮੁਤਾਬਕ ਗੁੜਗਾਉਂ ਤੋਂ ਵਾਪਸ ਆਏ ਮਲੋਟ ਵਾਸੀ ਇਕ ਵਿਅਕਤੀ ਅਤੇ ਪਿੰਡ ਤਰਮਾਲਾ ਨਾਲ ਸਬੰਧਤ ਇਕ ਜਨਾਨੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਇਕ ਗਰਭਵਤੀ ਜਨਾਨੀ ਦਾ ਟੈਸਟ ਵੀ ਕੋਰੋਨਾ ਪਾਜ਼ੇਟਿਵ ਆਇਆ ਹੈ, ਇਹ ਜਨਾਨੀ ਵੀ ਮਲੋਟ ਨਾਲ ਸਬੰਧਤ ਹੈ।
ਰੂਪਨਗਰ 'ਚ ਆਇਆ 1ਹੋਰ ਕੋਰੋਨਾ ਪਾਜ਼ੇਟਿਵ
ਰੂਪਨਗਰ : ਰੂਪਨਗਰ 'ਚ ਅੱਜ ਇਕ ਹੋਰ ਵਿਅਕਤੀ ਦੀ ਕੋਰੋਨਾ ਵਾਇਰਸ ਰੀਪੋਰਟ ਪਾਜ਼ੇਟਿਵ ਆਈ ਹੈ ਜੋ ਦਿੱਲੀ ਤੋਂ ਜਹਾਜ਼ ਰਾਹੀਂ ਵਾਇਆ ਚੰਡੀਗੜ੍ਹ 2 ਜੂਨ ਨੂੰ ਰੂਪਨਗਰ ਪੁੱਜਾ ਸੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦਸਿਆ ਕਿ 23 ਵਰ੍ਹਿਆਂ ਦਾ ਇਹ ਨੌਜਵਾਨ ਲਖਵਿੰਦਰਾ ਐਨਕਲੇਵ ਰੂਪਨਗਰ ਦਾ ਰਹਿਣ ਵਾਲਾ ਹੈ ਜੋ ਦਿੱਲੀ ਤੋਂ ਆਉਂਦੇ ਸਾਰ ਹੀ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਘਰ ਵਿਚ ਇਕਾਂਤਵਾਸ ਸੀ ਜਿਸ ਦੀ ਅੱਜ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਸਾਰ ਹੀ ਉਸ ਨੂੰ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਭੇਜ ਦਿਤਾ ਹੈ ਅਤੇ ਉਸ ਦੇ ਮਾਤਾ ਜੀ ਦਾ ਵੀ ਸੈਂਪਲ ਲਿਆ ਗਿਆ ਹੈ।
ਨਵਾਂਸ਼ਹਿਰ 'ਚ ਮਿਲਿਆ 1 ਹੋਰ ਕੇਸ
ਨਵਾਂਸ਼ਹਿਰ : ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਵਿਚ ਇਕਾਂਤਵਾਸ ਵਿਚ ਰੱਖੇ ਕੁਵੈਤ ਤੋਂ ਵਾਪਸ ਆਏ ਇਕ ਵਿਅਕਤੀ ਜੋ ਕਿ ਰਾਹੋਂ ਨਾਲ ਸਬੰਧਤ ਹੈ, ਦਾ ਕੋਰੋਨਾ ਟੈਸਟ ਪਾਜ਼ੇਟਿਵ (coronavirus test report positive) ਆਉਣ ਬਾਅਦ ਉਸ ਨੂੰ ਢਾਹਾਂ ਕਲੇਰਾਂ ਆਈਸੋਲੇਸ਼ਨ (isolation ward) ਸੁਵਿਧਾ 'ਚ ਤਬਦੀਲ ਕੀਤਾ ਗਿਆ। ਉਨ੍ਹਾਂ ਦਸਿਆ ਕਿ ਅੱਜ ਦੇ ਇਸ ਕੇਸ ਨੂੰ ਮਿਲਾ ਕੇ ਜ਼ਿਲ੍ਹੇ ਵਿਚ ਹੁਣ ਤਕ 106 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ, 101 ਠੀਕ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਦਸਿਆ ਕਿ ਇਸ ਵੇਲੇ ਜ਼ਿਲ੍ਹੇ 'ਚ 4 ਐਕਟਿਵ ਮਾਮਲੇ ਹਨ, ਜਿਨ੍ਹਾਂ ਨੂੰ ਢਾਹਾਂ ਕਲੇਰਾਂ 'ਚ ਰਖਿਆ ਹੋਇਆ ਹੈ। ਡਾ. ਭਾਟੀਆ ਨੇ ਦਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ 3432 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 3044 ਨੈਗੇਟਿਵ ਆਏ ਹਨ ਅਤੇ 282 ਦੇ ਨਤੀਜੇ ਬਕਾਇਆ ਹਨ।
ਗੁਰਦਾਸਪੁਰ 'ਚ ਇਕ ਦੀ ਰੀਪੋਰਟ ਆਈ ਪਾਜ਼ੇਟਿਵ
ਗੁਰਦਾਸਪੁਰ : ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਕੋਰੋਨਾ ਦੇ ਵਧਦੇ ਮਰੀਜ਼ਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਇਕ ਵਿਅਕਤੀ ਜੋ ਕਾਦਰੀ ਮੁਹੱਲਾ ਗੁਰਦਾਸਪੁਰ ਦਾ ਵਸਨੀਕ ਹੈ ਅਤੇ ਬੀਤੇ ਦਿਨੀਂ ਕੁਵੈਤ ਵਿਚੋਂ ਆਇਆ ਸੀ, ਦੀ ਰੀਪੋਰਟ ਪਾਜ਼ੇਟਿਵ (report positive) ਆਈ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ 4391 ਸ਼ੱਕੀ ਮਰੀਜਾਂ ਦੇ ਲਏ ਗਏ ਸੈਂਪਲਾਂ ਵਿਚੋਂ 3824 ਮਰੀਜ਼ਾਂ ਦੀ ਰੀਪੋਰਟ ਨੈਗਟਿਵ ਆਈ ਹੈ, 145 ਕੋਰੋਨਾ ਪੀੜਤ ਅਤੇ 424 ਰੀਪੋਰਟਾਂ ਪੈਂਡਿੰਗ ਹਨ। ਜ਼ਿਲ੍ਹੇ ਤਿੰਨ ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ, 132 ਮਰੀਜ਼ ਘਰਾਂ ਨੂੰ ਭੇਜੇ ਗਏ ਹਨ, 129 ਠੀਕ ਹੋਏ ਹਨ ਅਤੇ 03 ਘਰਾਂ ਵਿਚ ਏਕਾਂਤਵਾਸ ਕੀਤੇ ਗਏ ਹਨ।
ਪਟਿਆਲਾ 'ਚ ਆਇਆ ਇਕ ਹੋਰ ਕੋਰੋਨਾ ਪਾਜ਼ੇਟਿਵ
ਪਟਿਆਲਾ : ਜ਼ਿਲ੍ਹੇ ਵਿਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਜਾਣਕਾਰੀ ਦਿੰਦੇ ਦਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਲਈ ਭੇਜੇ ਸੈਂਪਲਾਂ ਵਿਚੋਂ 660 ਸੈਂਪਲਾਂ ਵਿਚੋਂ 334 ਸੈਂਪਲਾਂ ਦੀ ਪ੍ਰਾਪਤ ਹੋਈ ਰੀਪੋਰਟ ਵਿਚੋਂ 332 ਸੈਂਪਲਾਂ ਦੀ ਰੀਪੋਰਟ ਕੋਵਿਡ ਨੈਗੇਟਿਵ ਅਤੇ 2 ਕੋਵਿਡ ਪਾਜ਼ੇਟਿਵ ਆਈ ਹੈ ਬਾਕੀ ਸੈਂਪਲਾ ਦੀ ਰੀਪੋਰਟ ਦੇਰ ਰਾਤ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਅੱਜ ਆਇਆ ਪਾਜ਼ੇਟਿਵ ਕੇਸ ਨਾਭਾ ਸ਼ਹਿਰ ਦਾ ਰਹਿਣ ਵਾਲਾ 17 ਸਾਲਾ ਨੌਜਵਾਨ ਜੋ ਕਿ ਬਾਹਰਲੇ ਰਾਜ ਤੋਂ ਮੁੜਿਆ ਸੀ ਅਤੇ ਬਾਹਰੀ ਰਾਜ ਤੋਂ ਆਉਣ ਕਾਰਣ ਉਸ ਦਾ ਕੋਵਿਡ (covid test sample) ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ, ਜੋ ਕਿ ਕੋਰੋਨਾ ਪਾਜ਼ੇਟਿਵ ਆਇਆ ਹੈ।