ਮਾਸਕੋ : ਬੁੱਧਵਾਰ ਨੂੰ ਰੂਸ ਦੇ ਸਾਈਬੇਰੀਆ ਵਿਚ ਇਕ ਪਾਵਰ ਪਲਾਂਟ ਦੇ ਭੰਡਾਰਨ ਵਿਚੋਂ ਤਕਰੀਬਨ 20, 000 ਟਨ ਡੀਜ਼ਲ ਲੀਕ ਹੋਣ ਦੀ ਖਬਰ ਮਿਲੀ ਹੈ। ਇਸ ਦੇ ਮੱਦੇਨਜ਼ਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਹ ਪਾਵਰ ਪਲਾਂਟ ਮਾਸਕੋ ਤੋਂ 2 ਹਜ਼ਾਰ 900 ਕਿਲੋਮੀਟਰ ਦੂਰ ਨੌਰਲਿਸਕ ਸ਼ਹਿਰ ਵਿਚ ਹੈ। ਇਥੋਂ ਡੀਜ਼ਲ ਵਹਿ ਕੇ ਅੰਬਰਨਾਆ ਨਦੀ ਵਿਚ ਪਹੁੰਚ ਗਿਆ।
ਅੰਬਰਨਾਆ ਨਦੀ ਨੂੰ ਮਿਲਣ ਵਾਲਾ ਪਾਣੀ ਇਕ ਝੀਲ ਤੋਂ ਆਉਂਦਾ ਹੈ, ਜਿਸ ਦਾ ਪਾਣੀ ਹੋਰ ਨਦੀਆਂ ਰਾਹੀਂ ਆਰਕਟਿਕ ਸਾਗਰ ਤਕ ਪਹੁੰਚਦਾ ਹੈ। ਈਂਧਣ ਨੂੰ ਨਦੀ ਵਿਚ ਫੈਲਣ ਤੋਂ ਰੋਕਣ ਦੀ ਬਣਦੀਆਂ ਕੋਸ਼ਿਸ਼ ਸ਼ੁਰੂ ਹੋ ਗਈਆਂ ਹਨ।ਤੇਲ ਦਾ ਵਹਿਣਾ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਸੀ। ਦੋ ਦਿਨ ਬਾਅਦ ਇਸਦੀ ਜਾਣਕਾਰੀ ਮਿਲਣ 'ਤੇ ਪੁਤਿਨ ਅਧਿਕਾਰੀਆਂ 'ਤੇ ਨਾਰਾਜ਼ ਹੋ ਗਏ। ਜਿਸ ਪਾਵਰ ਪਲਾਂਟ ਤੋਂ ਈਂਧਣ ਲੀਕ ਹੋਇਆ ਹੈ ਉਹ ਨੌਰਲਿਸਕ ਨਿਕਿਲ ਦੀ ਇਕ ਇਕਾਈ ਹੈ। ਇਹ ਨਿਕੇਲ ਅਤੇ ਪੈਲੇਡਿਅਮ ਧਾਤਾਂ ਦਾ ਉਤਪਾਦਨ ਕਰਨ ਵਾਲੀ ਦੁਨੀਆਂ ਦੀ ਦਿੱਗਜ ਕੰਪਨੀਆਂ ਵਿੱਚੋਂ ਇੱਕ ਹੈ।
ਪਾਵਰ ਪਲਾਂਟ ਤੋਂ ਕਿਉਂ ਲੀਕ ਹੋਇਆ ਤੇਲ
ਕੰਪਨੀ ਨੌਰਲਿਸਕ ਨਿਕਿਲ ਨੇ ਦੱਸਿਆ ਹੈ ਕਿ ਡੀਜ਼ਲ ਦੇ ਲੀਕ ਹੋਣ ਬਾਰੇ ਸਮੇਂ ਸਿਰ ਅਤੇ ਸਹੀ ਜਾਣਕਾਰੀ ਦਿੱਤੀ ਗਈ ਸੀ। ਤੇਲ ਦੀ ਟੈਂਕੀ ਅਤੇ ਪਾਵਰ ਪਲਾਂਟ ਵਿਚ ਲੱਗੇ ਇਕ ਪਿੱਲਰ ਦੇ ਧੱਸ ਜਾਣ ਨਾਲ ਤੇਲ ਦਾ ਲੀਕ ਹੋਣਾ ਸ਼ੁਰੂ ਹੋਇਆ। ਇਹ ਪਲਾਂਟ ਪਰਮਾਫਰਾਸਟ ਮਿੱਟੀ 'ਤੇ ਬਣਾਇਆ ਗਿਆ ਹੈ। ਮੌਸਮ ਦੇ ਗਰਮ ਹੋਣ ਨਾਲ ਇਹ ਪਿਘਲਣ ਲਗਦੀ ਹੈ। ਇਹੀ ਕਾਰਨ ਹੈ ਕਿ ਪਲਾਂਟ 'ਚ ਲੱਗਾ ਦਾ ਥੰਮ ਧੱਸਣਾ ਸ਼ੁਰੂ ਹੋ ਗਿਆ। ਪਰਮਾਫਰਾਸਟ ਉਸ ਧਰਤੀ ਨੂੰ ਕਹਿੰਦੇ ਹਨ ਜਿਹੜੀ ਘੱਟੋ-ਘੱਟ ਦੋ ਸਾਲਾਂ ਤੋਂ ਜ਼ੀਰੋ ਡਿਗਰੀ ਸੈਲਸੀਅਸ ਤਾਪਮਾਨ 'ਤੇ ਹੋਵੇ।
350 ਵਰਗ ਕਿਲੋਮੀਟਰ ਖੇਤਰ ਪ੍ਰਭਾਵਿਤ
ਵਰਲਡ ਵਾਈਲਡ ਲਾਈਫ ਫੰਡ ਦੇ ਮਾਹਰਾਂ ਅਨੁਸਾਰ ਇਸ ਘਟਨਾ ਨਾਲ ਲਗਭਗ 350 ਵਰਗ ਕਿਲੋਮੀਟਰ ਖੇਤਰ ਪ੍ਰਦੂਸ਼ਿਤ ਹੋਇਆ ਹੈ। ਇਹ ਅੰਬਰਨਾਆ ਨਦੀ ਦੇ ਇੱਕ ਵੱਡੇ ਹਿੱਸੇ ਵਿਚ ਫੈਲ ਚੁੱਕਾ ਹੈ। ਅਜਿਹੀ ਸਥਿਤੀ ਵਿਚ ਇਸਦੀ ਸਫਾਈ ਬਹੁਤ ਮੁਸ਼ਕਲ ਹੋਵੇਗੀ। ਇਸ ਨਾਲ ਮੱਛੀਆਂ ਅਤੇ ਹੋਰ ਪਾਣੀ ਦੇ ਸਰੋਤਾਂ 'ਤੇ ਮਾੜਾ ਅਸਰ ਪਾਏਗਾ। ਇਸ ਨਾਲ 98.13 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।