ਕੈਲੀਫੋਰਨੀਆ : ਪੁਲਿਸ ਵੱਲੋਂ ਲਾਪਤਾ ਹੋਏ ਮਿਨੀਸੋਟਾ ਦੇ ਇਕ 24 ਸਾਲਾ ਟਰਾਂਸਜੈਂਡਰ ਵਿਅਕਤੀ ਦਾ ਮਾਮਲਾ ਹੱਲ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਅਨੁਸਾਰ ਲਾਪਤਾ ਹੋਏ ਸੈਮ ਨਾਰਡਕੁਇਸਟ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਤੇ ਇਸ ਸਬੰਧੀ ਨਿਊਯਾਰਕ ਵਿਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਵਿਰੁੱਧ ਦੂਸਰਾ ਦਰਜਾ ਹੱਤਿਆ ਸਮੇਤ ਹੋਰ ਦੋਸ਼ ਲਾਏ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਮੌਤ ਤੋਂ ਪਹਿਲਾਂ ਸੈਮ ਨਾਰਡਕੁਇਸਟ ਉਪਰ ਤਸ਼ਦਦ ਕੀਤਾ ਗਿਆ।
ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੈਮ ਦੇ ਪਰਿਵਾਰ ਵੱਲੋਂ 9 ਫਰਵਰੀ ਨੂੰ ਬੇਨਤੀ ਕਰਨ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। 13 ਫਰਵਰੀ ਨੂੰ ਰੋਚੈਸਟਰ ਦੇ ਦੱਖਣ ਪੂਰਬ ਵਿਚ ਤਕਰੀਬਨ 50 ਮੀਲ ਦੂਰ ਯਾਟਸ ਕਾਊਂਟੀ ਵਿਚ ਮਨੁੱਖੀ ਅੰਗ ਬਰਾਮਦ ਹੋਏ ਹਨ ਜੋ ਸਮਝਿਆ ਜਾਂਦਾ ਹੈ ਕਿ ਸੈਮ ਦੇ ਹਨ। ਇਸ ਉਪਰੰਤ ਪੁਲਿਸ ਦੇ ਹੱਥ ਅਜਿਹੇ ਸਬੂਤ ਲੱਗੇ ਜਿਨਾਂ ਤੋਂ ਪਤਾ ਲੱਗਾ ਕਿ ਦਸੰਬਰ 2024 ਤੇ ਫਰਵਰੀ 2025 ਦਰਮਿਆਨ ਸੈਮ ਉਪਰ ਤਸ਼ੱਦਦ ਕੀਤਾ ਗਿਆ। ਨਿਊਯਾਰਕ ਸਟੇਟ ਪੁਲਿਸ ਦੇ ਕੈਪਟਨ ਕੈਲੀ ਸਵਿਫਟ ਅਨੁਸਾਰ ਸੈਮ ਉਪਰ ਵਾਰ ਵਾਰ ਤਸ਼ੱਦਦ ਕੀਤਾ ਗਿਆ ਜਿਸ ਕਾਰਨ ਉਹ ਦਮ ਤੋੜ ਗਿਆ।
ਪ੍ਰੈਸ ਬਿਆਨ ਅਨੁਸਾਰ ਗ੍ਰਿਫਤਾਰ ਲੋਕਾਂ ਦੀ ਉਮਰ 19 ਸਾਲ ਤੋਂ 38 ਸਾਲ ਦਰਮਿਆਨ ਹੈ ਜਿਨਾਂ ਵਿਚ ਪਰੀਸੀਅਸ ਅਰਜ਼ੂਆਗਾ (38), ਜੈਨੀਫਰ ਏ ਕੁਇਜਾਨੋ (30) ਕੀਲੇ ਸੇਜ (33), ਪੈਟਰਿਕ ਏ ਗੁੱਡਵਿਨ (30) ਤੇ ਏਮਿਲੀ ਮੋਟੀਕਾ (19) ਸ਼ਾਮਿਲ ਹਨ। ਸਵਿਟ ਨੇ ਕਿਹਾ ਹੈ ਕਿ ਜਾਂਚਕਾਰ ਗ੍ਰਿਫਤਾਰ 5 ਸ਼ੱਕੀਆਂ ਤੇ ਨਾਰਡਕੁਇਸਟ ਵਿਚਾਲੇ ਸਬੰਧਾਂ ਦੀ ਜਾਂਚ ਕਰ ਰਹੇ ਹਨ। ਓਨਟਾਰੀਓ ਕਾਊਂਟੀ ਡਿਸਟ੍ਰਿਕਟ ਅਟਾਰਨੀ ਜੇਮਜ ਰਿਟਸ ਨੇ ਕਿਹਾ ਹੈ ਕਿ ਗ੍ਰਿਫਤਾਰ ਸ਼ੱਕੀ ਦੋਸ਼ੀਆਂ ਨੂੰ ਓਨਟਾਰੀਓ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਨਾਰਡਕੁਇਸਟ ਪਿਛਲੇ ਸਾਲ ਸਤੰਬਰ ਵਿਚ ਇਕ ਆਨਲਾਈਨ ਬਣੀ ਦੋਸਤ ਕੁੜੀ ਨੂੰ ਮਿਲਣ ਨਿਊਯਾਰਕ ਗਿਆ ਸੀ। 1 ਜਨਵਰੀ ਤੋਂ ਬਾਅਦ ਨਾਰਡਕੁਇਸਟ ਦੇ ਦੋਸਤਾਂ ਤੇ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਹੋਇਆ।