ਅਮਰੀਕਾ ’ਚ ਇੱਕ ਗ਼ੈਰ–ਗੋਰੇ ਵਿਅਕਤੀ ਜਾਰਜ ਫ਼ਲਾਇਡ ਦੀ ਹਿਰਾਸਤੀ ਮੌਤ ਵਿਰੁੱਧ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਕਾਰਨ ਦੇਸ਼ ਵਿੱਚ ਹਾਲਾਤ ਵਿਗੜ ਗਏ ਹਨ। ਲਗਭਗ ਛੇ ਰਾਜਾਂ ਤੇ ਘੱਟੋ–ਘੱਟ 13 ਵੱਡੇ ਸ਼ਹਿਰਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਅਮਰੀਕਾ ਵਿੱਚ ਨੈਸ਼ਨਲ ਗਾਰਡ ਦੇ 67, 000 ਫ਼ੌਜੀ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵਾਲ ਸਟਰੀਟ ਜਰਨਲ ਮੁਤਾਬਕ ਅਮਰੀਕਾ ’ਚ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ ’ਚ ਫ਼ੌਜੀ ਤਾਇਨਾਤ ਨਹੀਂ ਕੀਤੇ ਗਏ।
ਜਾਰਜ ਫ਼ਲਾਇਡ ਦੀ ਹੱਤਿਆਨੂੰ ਲੈ ਕੇ ਹੋ ਰਹੇ ਰਾਸ਼ਟਰ–ਪੱਧਰੀ ਪ੍ਰਦਰਸ਼ਨਾਂ ਵਿੱਚ ਘੱਟੋ–ਘੱਟ ਪੰਜ ਵਿਅਕਤੀ ਮਾਰੇ ਗਏ ਹਨ। ਲਗਭਗ 4, 000 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਘੱਟੋ–ਘੱਟ 40 ਸ਼ਹਿਰਾਂ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਹਿੰਸਾ ਤੇ ਲੁੱਟ–ਖਸੁੱਟ ਦੀਆਂ ਘਟਨਾਵਾਂ ਤੋਂ ਬਾਅਦ ਨਿਊ ਯਾਰਕ ਸ਼ਹਿਰ ਵਿੱਚ ਕਰਫ਼ਿਊ ਲਾ ਦਿੱਤਾ ਤੇ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਰੀਕੀ–ਅਮਰੀਕੀ ਜਾਰਜ ਫ਼ਲਾਇਡ ਦੀ ਹਿਰਾਸਤੀ ਮੌਤ ਵਿਰੁੱਧ ਹੋ ਰਹੇ ਹਿੰਸਕ ਪ੍ਰਦਰਸ਼ਨ ਰੋਕਣ ਲਈ ਸ਼ਹਿਰ ਤੇ ਰਾਜਾਂ ਵੱਲੋਂ ਜ਼ਰੂਰੀ ਕਦਮ ਨਾ ਚੁੱਕੇ ਜਾਣ ਦੀ ਹਾਲਤ ਵਿੱਚ ਫ਼ੌਜ ਤਾਇਨਾਤ ਕਰਨ ਦੀ ਸੋਮਵਾਰ ਨੁੰ ਧਮਕੀ ਦਿੱਤੀ ਹੈ।
ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਜਲਦਬਾਜ਼ੀ ਵਿੱਚ ਰਾਸ਼ਟਰ ਦੇ ਨਾਂਅ ਕੀਤੇ ਸੰਬੋਧਨ ਵਿੱਚ ਟਰੰਪ ਨੇ ਐਲਾਨ ਕੀਤਾ ਕਿ ਉਹ ਦੰਗੇ, ਲੁੱਟ–ਖਸੁੱਟ, ਤੋੜ–ਭੰਨ, ਹਮਲਿਆਂ ਤੇ ਜਾਇਦਾਦ ਦੀ ਫ਼ਿਜ਼ੂਲ ਬਰਬਾਦੀ ਰੋਕਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਹਥਿਆਰਾਂ ਨਾਲ ਲੈਸ ਫ਼ੌਜੀਆਂ, ਤੇ ਕਾਨੂੰਨਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਭੇਜਣਗੇ।
ਇੱਕ ਹਫ਼ਤੇ ਤੋਂ ਜਾਰੀ ਪ੍ਰਦਰਸ਼ਨਾਂ ਕਾਰਨ ਅਮਰੀਕਾ ਵਿੱਚ ਹੁਣ ਤੱਕ ਅਰਬਾਂ ਡਾਲਰ ਦੀ ਸੰਪਤੀ ਬਰਬਾਦ ਹੋ ਗਈ ਹੈ ਤੇ ਦੰਗਾਕਾਰੀਆਂ ਨੇ ਫ਼ਲਾਇਡ ਦੀ ਮੌਤ ’ਤੇ ਗੁੱਸਾ ਪ੍ਰਗਟਾਉਂਦਿਆਂ ਕਾਰੋਬਾਰੀ ਕੇਂਦਰਾਂ ਤੇ ਜਨਤਕ ਸਥਾਨਾਂ ਨੂੰ ਤਬਾਹ ਕੀਤਾ ਹੈ ਤੇ ਦੁਕਾਨਾਂ ਅਤੇ ਮਾੱਲ ਵਿੱਚ ਲੁੱਟਮਾਰ ਕੀਤੀ ਹੈ।