ਲੁਧਿਆਣਾ 'ਚ ਹੋਈ ਇਕ ਹੋਰ ਮੌਤ
ਲੁਧਿਆਣਾ : ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜੋ ਮੋਹਨਦੇਈ ਓਸਵਾਲ ਕੈਂਸਰ ਹਸਪਤਾਲ 'ਚ ਦਾਖ਼ਲ ਸੀ। ਹਸਪਤਾਲ ਦੇ ਇਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦਸਿਆ ਹੈ ਕਿ ਲੁਧਿਆਣਾ ਸਥਿਤ ਫ਼ੌਜੀ ਮੁਹੱਲੇ ਨਾਲ ਸਬੰਧਤ ਉਜਾਗਰ ਸਿੰਘ ਨਾਂਅ ਦਾ ਇਕ 85 ਸਾਲਾ ਬਜ਼ੁਰਗ ਜੋ ਦਿਲ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਉਕਤ ਹਸਪਤਾਲ 'ਚ ਦਾਖ਼ਲ ਸੀ, ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਸੀ ਜੋ ਪਾਜ਼ੇਟਿਵ ਪਾਇਆ ਗਿਆ। ਪੀੜਤ ਮਰੀਜ਼ ਕੋਰੋਨਾ ਦੀ ਮਾਰ ਨਾ ਝਲਦਾ ਹੋਇਆ ਅੱਜ ਦਮ ਤੋੜ ਗਿਆ ਹੈ।
ਜਲੰਧਰ 'ਚ ਆਏ 10 ਪਾਜ਼ੇਟਿਵ ਮਰੀਜ਼
ਜਲੰਧਰ : ਜਲੰਧਰ ਵਿਚ ਅੱਜ ਇਕ ਬਾਰ ਫੇਰ ਫਟਿਆ ਕੋਰੋਨਾ ਦਾ ਬੰਬ ਜਲੰਧਰ 'ਚ ਕੋਰੋਨਾ ਦੇ 10 ਹੋਰ ਮਰੀਜ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 265 ਹੋ ਗਈ ਹੈ। ਅੱਜ ਜੋ ਕੋਰੋਨਾ ਪਾਜ਼ੇਟਿਵ ਆਏ ਹਨ, ਉਹ ਡਿਫੈਂਸ ਕਾਲੋਨੀ 'ਚ ਰਹਿੰਦੇ ਪਾਜ਼ੇਟਿਵ ਆਏ ਸੈਨੇਟਰੀ ਕਾਰੋਬਾਰੀ ਦੇ ਸੰਪਰਕ 'ਚ ਸਨ। ਇਨ੍ਹਾਂ 'ਚੋਂ ਦੋ ਵਿਅਕਤੀ ਹਿਮਾਚਲ ਦੇ ਰਹਿਣ ਵਾਲੇ ਹੋਣ ਕਰ ਕੇ ਫਿਲਹਾਲ ਵਿਭਾਗ ਵਲੋਂ 8 ਵਿਅਕਤੀਆਂ ਨੂੰ ਹੀ ਜਲੰਧਰ 'ਚ ਗਿਣਿਆ ਜਾ ਰਿਹਾ ਹੈ, ਅੱਜ ਤਕ ਕੋਰੋਨਾ ਦੇ 209 ਮਰੀਜ਼ ਠੀਕ ਹੋ ਕੇ ਅਪਣੇ ਘਰ ਨੂੰ ਵਾਪਸ ਵੀ ਜਾ ਚੁੱਕੇ ਹਨ, ਜਦਕਿ 8 ਵਿਅਕਤੀ ਕੋਰੋਨਾ ਵਾਇਰਸ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਏ।
ਲੁਧਿਆਣਾ ਵਿਚ 7 ਹੋਰ ਪਾਜ਼ੇਟਿਵ ਕੇਸ ਮਿਲੇ
ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 7 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ 3 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ ਅਤੇ 4 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਇਕ ਮਰੀਜ਼ ਸਥਾਨਕ ਪ੍ਰੇਮ ਨਗਰ ਦਾ ਹੈ, ਜਦਕਿ ਦੋ ਮਾਛੀਵਾੜਾ ਰੋਡ ਸਮਰਾਲਾ ਨਾਲ ਸਬੰਧ ਰਖਦੇ ਹਨ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਚ ਹੁਣ ਤਕ ਕੁੱਲ 8087 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 7619 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 7324 ਨਤੀਜੇ ਨੈਗੇਟਿਵ ਆਏ ਹਨ, ਜਦਕਿ 478 ਰੀਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 201 ਮਾਮਲੇ ਪਾਜ਼ੇਟਿਵ ਪਾਏ ਗਏ ਹਨ, ਜਦਕਿ 90 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 9 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 6 ਹੋਰ ਜ਼ਿਲਿਆਂ ਨਾਲ ਸਬੰਧਤ ਹੋਈਆਂ ਹਨ। ਹੁਣ ਤਕ ਜ਼ਿਲ੍ਹੇ ਨਾਲ ਸੰਬੰਧਤ 150 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ 7032 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 1600 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 70 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।
ਪਠਾਨਕੋਟ 'ਚ 7 ਕੋਰੋਨਾ ਪਾਜ਼ੇਟਿਵ ਮਾਮਲੇ ਆਏ
ਪਠਾਨਕੋਟ : ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਨਵੇਂ ਮਾਮਲੇ ਪਠਾਨਕੋਟ ਤੋਂ ਸਾਹਮਣੇ ਆਏ ਹਨ, ਜਿਥੇ 7 ਲੋਕਾਂ ਦੀ ਰੀਪੋਰਟ ਅੱਜ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਨਾਲ ਹੁਣ ਪਠਾਨਕੋਟ 'ਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 30 ਹੋ ਚੁੱਕੀ ਹੈ। ਇਥੇ ਦੱਸ ਦੇਈਏ ਕਿ ਪਠਾਨਕੋਟ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 69 ਹੋ ਚੁੱਕੀ ਹੈ ਜਦਕਿ ਤਿੰਨ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 36 ਲੋਕ ਠੀਕ ਹੋ ਕੇ ਅਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਸੰਗਰੂਰ 'ਚ ਤਿੰਨ ਦੀ ਰੀਪੋਰਟ ਆਈ ਪਾਜ਼ੇਟਿਵ
ਭਵਾਨੀਗੜ੍ਹ : ਬਲਾਕ ਭਵਾਨੀਗੜ੍ਹ ਦੇ ਤਿੰਨ ਸੈਂਪਲਾਂ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ। ਇਸ ਸਬੰਧੀ ਅੱਜ ਜ਼ਿਲ੍ਹਾ ਸਿਹਤ ਵਿਭਾਗ ਸੰਗਰੂਰ ਵਲੋਂ ਜਾਰੀ ਕੀਤੇ ਬਿਆਨ ਵਿਚ ਦਸਿਆ ਗਿਆ ਹੈ ਕਿ ਭਵਾਨੀਗੜ੍ਹ ਬਲਾਕ ਦੇ ਪਿੰਡ ਨੰਦਗੜ੍ਹ ਦੇ ਸਰਜੀਵਨ ਸਿੰਘ, ਬਖੋਪੀਰ ਦੀ ਲਛਮੀ ਅਤੇ ਕਾਕੜਾ ਦੀ ਸੁਖਵਿੰਦਰ ਕੌਰ ਦੇ ਕੋਰੋਨਾ ਵਾਇਰਸ ਸਬੰਧੀ ਲਏ ਗਏ ਸੈਂਪਲਾਂ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਤਿੰਨੋਂ ਮਰੀਜ਼ਾਂ ਨੂੰ ਸਿਹਤ ਵਿਭਾਗ ਨੇ ਇਲਾਜ ਲਈ ਦਾਖ਼ਲ ਕਰਵਾਇਆ ਲਿਆ ਗਿਆ ਹੈ।
ਮੋਗਾ 'ਚ 2 ਪਾਜ਼ੇਟਿਵ
ਮੋਗਾ : ਅਹਿਮਦਾਬਾਦ ਤੋਂ ਵਾਪਸ ਪਰਤੀ ਮੋਗਾ ਦੀ ਰਹਿਣ ਵਾਲੀਆਂ ਔਰਤਾਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ। ਦੋਵਾਂ ਔਰਤਾਂ ਨੂੰ ਬਾਘਾਪੁਰਾਣਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਲੋਕ ਸੰਪਰਕ ਅਧਿਕਾਰੀ ਮੈਡਮ ਮੇਘਾ ਮਾਨ ਨੇ ਦਿਤੀ ਹੈ।
ਅੰਮ੍ਰਿਤਸਰ 'ਚ ਦੋ ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
ਅੰਮ੍ਰਿਤਸਰ : ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 403 ਹੋ ਗਈ ਹੈ।
ਫ਼ਰੀਦਕੋਟ 'ਚ ਆਇਆ ਇਕ ਹੋਰ ਕੋਰੋਨਾ ਪਾਜ਼ੇਟਿਵ
ਫ਼ਰੀਦਕੋਟ : ਕੁਝ ਦਿਨ ਪਹਿਲਾਂ ਮਹਿਜ ਕੁੱਝ ਕੁ ਘੰਟਿਆਂ ਲਈ ਜ਼ਿਲ੍ਹਾ ਫ਼ਰੀਦਕੋਟ ਕੋਰੋਨਾ ਮੁਕਤ ਐਲਾਨ ਦਿਤਾ ਗਿਆ ਪਰ ਉਸ ਤੋਂ ਬਾਅਦ ਇਕ ਹੋਰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਪੀੜਤ ਮਰੀਜ਼ ਸਾਹਮਣੇ ਆ ਗਿਆ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਮੁਤਾਬਕ ਕੁਵੈਤ ਤੋਂ ਪਰਤੇ 35 ਸਾਲਾ ਨੌਜਵਾਨ ਗੁਰਮੇਲ ਸਿੰਘ ਵਾਸੀ ਪਿੰਡ ਬਰਗਾੜੀ ਜੋ ਦਸਮੇਸ਼ ਗਲੋਬਲ ਸਕੂਲ ਕੋਟਕਪੂਰਾ ਵਿਖੇ ਇਕਾਂਤਵਾਸ ਵਿਚ ਸੀ, ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਫ਼ਤਿਹਗੜ ਸਾਹਿਬ 'ਚ 1 ਹੋਰ ਪਾਜ਼ੇਟਿਵ ਕੇਸ
ਫ਼ਤਿਹਗੜ੍ਹ ਸਾਹਿਬ : ਮੰਡੀ ਗੋਬਿੰਦਗੜ੍ਹ ਨੇੜਲੇ ਪਿੰਡ ਅਜਨਾਲੀ 'ਚ ਇਕ ਵਿਅਕਤੀ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਜਿਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾਕਟਰ ਐਨ.ਕੇ. ਅਗਰਵਾਲ ਨੇ ਦਸਿਆ ਕਿ ਉਕਤ ਵਿਅਕਤੀ ਦੀ ਉਮਰ ਕਰੀਬ 44 ਸਾਲ ਹੈ ਜੋ 30 ਮਈ ਨੂੰ ਦਿੱਲੀ ਤੋਂ ਆਇਆ ਸੀ ਜਿਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ ਜੋ ਪਾਜ਼ੇਟਿਵ ਪਾਇਆ ਗਿਆ।
ਨਵਾਂਸ਼ਹਿਰ 'ਚ ਕੁਵੈਤ ਤੋਂ ਆਇਆ ਵਿਅਕਤੀ ਕੋਰੋਨਾ ਪਾਜ਼ੇਟਿਵ
ਨਵਾਂਸ਼ਹਿਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਸ਼ਾਮ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ 'ਚੋਂ ਇਕ ਵਿਅਕਤੀ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਸਿਵਲ ਸਰਜਨ ਡਾ . ਰਾਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ਦੇ ਪਿੰਡ ਚੰਦਿਆਣੀ ਖੁਰਦ ਨਾਲ ਸਬੰਧਤ ਇਹ 34 ਸਾਲਾਂ ਵਿਅਕਤੀ ਇਕ ਹਫ਼ਤਾ ਪਹਿਲਾਂ ਕੁਵੈਤ ਤੋਂ ਪਰਤਿਆ ਸੀ, ਜਿਸ ਨੂੰ ਅਹਿਤਿਆਤ ਵਜੋਂ ਰਿਆਤ ਕਾਲਜ ਰੈਲ ਮਾਜਰਾ ਦੇ ਇਕਾਂਤਵਾਸ 'ਚ ਰਖਿਆ ਗਿਆ ਸੀ। ਉਸ ਦਾ ਕਲ ਟੈਸਟ ਲਿਆ ਗਿਆ ਸੀ, ਜੋ ਕਿ ਪਾਜ਼ੇਟਿਵ ਆਇਆ। ਉਨ੍ਹਾਂ ਦਸਿਆ ਕਿ ਸਬੰਧਤ ਵਿਅਕਤੀ ਨੂੰ ਤੁਰਤ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਣਾਏ ਕੋਵਿਡ ਕੇਅਰ ਸੈਂਟਰ 'ਚ ਤਬਦੀਲ ਕਰ ਦਿਤਾ ਗਿਆ। ਉਨ੍ਹਾਂ ਦਸਿਆ ਕਿ ਅੱਜ ਵਾਲੇ ਕੇਸ ਨੂੰ ਮਿਲਾ ਕੇ ਜ਼ਿਲ੍ਹੇ 'ਚ ਤਿੰਨ ਐਕਟਿਵ ਕੇਸ ਹੋ ਗਏ ਹਨ।