ਅੰਮ੍ਰਿਤਸਰ 'ਚ corona ਪੀੜਤ ਦੀ ਮੌਤ
ਪੰਜਾਬ : ਅੰਮ੍ਰਿਤਸਰ 'ਚ ਅੱਜ ਜ਼ੇਰੇ ਇਲਾਜ ਔਰਤ ਦੀ ਮੌਤ ਹੋ ਗਈ ਹੈ ਜਿਸ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਪਾਈ ਗਈ ਸੀ। ਮ੍ਰਿਤਕ ਔਰਤ ਨੂੰ ਬੀਤੇ ਦਿਨ ਹੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ ਜਿਸ ਦੀ ਹਾਲਤ ਨਾਜ਼ੁਕ ਅਤੇ ਗੰਭੀਰ ਹੋਣ ਕਾਰਨ ਉਸ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਸੀ। ਇਸ ਦੀ ਪੁਸ਼ਟੀ ਗੁਰੂ ਨਾਨਕ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਰਮਨ ਸ਼ਰਮਾ ਵਲੋਂ ਕੀਤੀ ਗਈ ਹੈ। ਅੱਜ ਸ਼ਹਿਰ ਵਿਚ ਕੋਰੋਨਾਵਾਇਰਸ ਦੇ 7 ਹੋਰ ਪਾਜ਼ੇਟਿਵ ਕੇਸ ਪਾਏ ਗਏ। ਜਿਨ੍ਹਾਂ ਵਿਚੋਂ 6 ਅੰਮ੍ਰਿਤਸਰ ਨਾਲ ਸਬੰਧਤ ਹਨ ਤੇ ਇਕ ਯੂਪੀ ਨਾਲ ਸਬੰਧਤ ਹੈ।
ਲੁਧਿਆਣਾ 'ਚ 8ਵੀਂ ਮੌਤ
ਲੁਧਿਆਣਾ ਵਿਚ ਅੱਜ ਇਕ ਹੋਰ ਮੌਤ ਹੋਣ ਨਾਲ ਸ਼ਹਿਰ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਤਦੀ ਗਿਣਤੀ 8 ਹੋ ਗਈ ਹੈ। ਜਾਣਕਾਰੀ ਅਨੁਸਾਰ 20 ਮਈ ਨੂੰ ਆਰਪੀਐਫ ਜਵਾਨ ਪਵਨ ਕੁਮਾਰ (49), ਵਾਸੀ ਕਰੋਲ ਬਾਗ ਜਲੰਧਰ, ਜੋ ਕਿ ਲੁਧਿਆਣਾ ਵਿੱਚ ਡਿਊਟੀ ਦੇ ਰਿਹਾ ਸੀ, ਜਿਸ ਦੌਰਾਨ ਉਹ ਕਰੋਨਾ ਦੀ ਚਪੇਟ ਵਿਚ ਆ ਗਿਆ ਸੀ ਤੇ ਉਸ ਦੀ ਰੀਪੋਰਟ ਪਾਜ਼ੇਟਿਵ (report positive) ਆਈ ਸੀ। ਉਸ ਨੂੰ ਲੁਧਿਆਣਾ ਵਿੱਚ ਹੀ ਦਾਖਲ ਕੀਤਾ ਗਿਆ ਸੀ ਜਿਥੇ ਉਸ ਦੀ ਮੌਤ ਹੋ ਗਈ। ਇਸ ਦਾ ਇਲਾਜ ਸੀ.ਐਮ.ਸੀ ਹਸਪਤਾਲ ਵਿਚ ਚਲ ਰਿਹਾ ਸੀ। ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। ਪੰਜਾਬ ਵਿਚ ਹੁਣ ਤਕ 1918 ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਕੁਲ ਮਰੀਜ਼ਾਂ ਦੀ ਗਿਣਤੀ 2150 ਦੇ ਕਰੀਬ ਪਹੁੰਚ ਗਈ ਹੈ।
ਟਾਂਡਾ ਵਿਚ ਆਏ 4 ਕੇਸ
ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) ਕੋਰੋਨਾ ਵਾਇਰਸ ਦਾ ਹਾਟਸਪਾਟ ਬਣ ਗਿਆ ਹੈ। ਅੱਜ ਆਈਆਂ ਰੀਪੋਰਟਾਂ 'ਚੋਂ 4 ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ 'ਚ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ। ਪਿੰਡ 'ਚ ਕੋਰੋਨਾ ਵਾਇਰਸ ਨਾਲ ਮਰੇ ਲਖਵਿੰਦਰ ਸਿੰਘ ਦੇ ਸੰਪਰਕ 'ਚ ਆਏ ਹੁਣ ਤਕ 14 ਲੋਕਾਂ ਦੀ ਰਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਲਗਾਤਾਰ ਇਸ ਚੇਨ ਨੂੰ ਤੋੜਨ 'ਚ ਲੱਗੀ ਹੋਈ ਹੈ। ਇਸੇ ਤਹਿਤ ਅੱਜ ਐਸ.ਐਮ.ਓ. ਕੇ.ਆਰ. ਬਾਲੀ ਦੀ ਅਗਵਾਈ 'ਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੋਡਲ ਅਫ਼ਸਰ ਡਾ. ਹਰਪ੍ਰੀਤ ਸਿੰਘ, ਡਾ. ਕਰਨ ਵਿਰਕ, ਡਾ. ਰਵੀ ਕੁਮਾਰ, ਸ਼ਵਿੰਦਰ ਸਿੰਘ ਆਦਿ ਨੇ ਸੁਰੱਖਿਅਤ ਤਰੀਕੇ ਨਾਲ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਹੁਸ਼ਿਆਰਪੁਰ ਦੇ ਏਕਾਂਤਵਾਸ ਸੈਂਟਰ 'ਚ ਇਲਾਜ ਲਈ ਲਿਜਾਇਆ ਗਿਆ। ਇਸ ਦੇ ਨਾਲ ਹੀ ਸਾਰੇ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਟਰੇਸ ਕਰ ਕੇ ਉਨ੍ਹਾਂ ਦੇ ਟੈਸਟ ਕਰਵਾਉਣ ਲਈ ਵੀ ਵਿਭਾਗ ਦੀ ਟੀਮ ਉੱਦਮ ਕਰ ਰਹੀ ਹੈ। ਇਸ ਗੱਲ ਦੀ ਪੁਸ਼ਟੀ ਐਸ.ਐਮ.ਓ. ਟਾਂਡਾ ਕੇ.ਆਰ. ਬਾਲੀ ਨੇ ਕਰਦੇ ਦਸਿਆ ਕਿ ਅਜੇ ਕਈ ਪਿੰਡ ਵਾਸੀਆਂ ਦੀ ਰੀਪੋਰਟ ਆਉਣੀ ਬਾਕੀ ਹੈ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ 10 ਪਾਜ਼ੇਟਿਵ ਕੇਸਾਂ ਦੇ ਆਉਣ 'ਤੇ ਹੀ ਬੜੀ ਦੇਰੀ ਨਾਲ ਪਿੰਡ ਨੂੰ ਬੀਤੀ ਸ਼ਾਮ ਸੀਲ ਕਰ ਦਿਤਾ ਸੀ।
ਸੰਗਰੂਰ ਵਿਚ 3 ਨਵੇਂ ਕੇਸ
ਜ਼ਿਲ੍ਹਾ ਸੰਗਰੂਰ ਵਿਖੇ 3 ਨਵੇਂ ਪਾਜ਼ੇਟਿਵ ਕੇਸ ਆਉਣ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸਆਿਮ ਥੋਰੀ ਨੇ ਹਦਾਇਤ ਕੀਤੀ ਕਿ ਪਾਜ਼ੇਟਿਵ ਪਾਏ ਗਏ ਲੋਕਾਂ ਦੀ ਕੰਟੈਕਟ ਟਰੇਸਿੰਗ ਕਰਦੇ ਹੋਏ ਮੁਕੰਮਲ ਸੈਂਪਲਿੰਗ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦਸਿਆ ਕਿ ਕਲ 213 ਸੈਂਪਲ ਲਏ ਗਏ ਸਨ ਜਿਸ ਵਿਚੋਂ 210 ਸੈਂਪਲ ਨੈਗੇਟਿਵ ਆਏ ਹਨ ਅਤੇ 3 ਪਾਜ਼ੇਟਿਵ ਪਾਏ ਗਏ ਹਨ ਜੋ ਕਿ ਮਲੇਰਕੋਟਲਾ ਦੇ ਵਸਨੀਕ ਹਨ। ਉਨ੍ਹਾਂ ਕਿਹਾ ਕਿ ਅੱਜ ਸਿਹਤ ਵਿਭਾਗ ਵਲੋਂ 182 ਸ਼ੱਕੀ ਸੈਂਪਲ ਭਰ ਕੇ ਜਾਂਚ ਲਈ ਭੇਜੇ ਗਏ ਹਨ। ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਦਸਿਆ ਕਿ ਨਵੇਂ ਪਾਜ਼ੇਟਿਵ ਪਾਏ ਮਰੀਜ਼ਾਂ ਵਿਚ, ਪਹਿਲਾਂ ਤੋਂ ਪਾਜ਼ੇਟਿਵ ਪਾਈ ਆਸ਼ਾ ਵਰਕਰ ਦੀ ਬੇਟੀ ਤੋਂ ਇਲਾਵਾ ਇਕ ਅੰਤਰਰਾਜੀ ਯਾਤਰਾ ਕਰਨ ਵਾਲਾ ਨਾਗਰਿਕ ਅਤੇ ਇਕ ਨੰਨ੍ਹੀ ਬੱਚੀ ਸ਼ਾਮਲ ਹੈ।
ਤਰਨ ਤਾਰਨ 'ਚ ਦੋ corona ਮਾਮਲੇ
ਤਰਨਤਾਰਨ 'ਚ ਦੋ ਹੋਰ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਇਨ੍ਹਾਂ 'ਚੋਂ ਇਕ ਵਿਅਕਤੀ ਅਮਰੀਕਾ ਅਤੇ ਇਕ ਮਹਾਰਾਸ਼ਟਰ ਤੋਂ ਆਇਆ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਤਰਨਤਾਰਨ ਦੇ ਆਈਸੋਲੇਸ਼ਨ ਵਾਰਡ 'ਚ ਇਲਾਜ ਲਈ ਰੱਖਿਆ ਗਿਆ ਹੈ।
ਪਠਾਨਕੋਟ 'ਚ ਦੋ ਹੋਰ ਕੇਸ
ਜ਼ਿਲ੍ਹਾ ਪਠਾਨਕੋਟ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਦੋਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਰਿਸ਼ਤੇ 'ਚ ਪਿਉ-ਪੁੱਤਰ ਹਨ ਜਿਸ ਨਾਲ ਜ਼ਿਲ੍ਹਾ ਪਠਾਨਕੋਟ 'ਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐਮ.ਓ ਡਾ. ਭੁਪਿੰਦਰ ਸਿੰਘ ਨੇ ਕਰਦੇ ਵਲੋਂ ਕੀਤੀ ਗਈ ਹੈ।
ਰੂਪਨਗਰ 'ਚ ਇਕ ਹੋਰ ਕੋਰੋਨਾ
ਕੁੱਝ ਦਿਨ ਪਹਿਲਾਂ ਹੀ ਕੋਰੋਨਾ ਮੁਕਤ ਹੋਏ ਰੂਪਨਗਰ ਜ਼ਿਲ੍ਹੇ ਦੇ ਕਸਬਾ ਨੂਰਪੁਰਬੇਦੀ ਦੇ ਪਿੰਡ ਝੱਜ 'ਚ ਮੁੜ ਕੋਰੋਨਾ ਨੇ ਦਸਤਕ ਦਿਤੀ ਹੈ। ਜਾਣਕਾਰੀ ਅਨੁਸਾਰ ਪਿੰਡ ਝੱਜ ਦਾ 33 ਸਾਲਾ ਟੈਕਸੀ ਚਾਲਕ ਜੋ ਕੁੱਝ ਦਿਨ ਪਹਿਲਾਂ ਦਿੱਲੀ ਤੋਂ ਵਾਪਸ ਆਇਆ ਸੀ ਅਤੇ (ਅਸਿੰਪਟੋਮੈਟਿਕ) ਹੋਣ ਕਰ ਕੇ ਘਰ 'ਚ ਕੁਆਰੰਟੀਨ ਸੀ। ਸਿਹਤ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਉਕਤ ਵਿਅਕਤੀ ਦਾ ਰੈਂਡਡਿੰਮਲੀ ਦੋ ਦਿਨ ਪਹਿਲਾਂ ਸੈਂਪਲ ਲਿਆ ਗਿਆ ਸੀ, ਜਿਸ ਦੀ ਦੇਰ ਸ਼ਾਮ ਪ੍ਰਾਪਤ ਹੋਈ ਰੀਪੋਰਟ ਪਾਜ਼ੇਟਿਵ ਆਈ ਹੈ।