ਔਕਲੈਂਡ : ਨਿਊਜ਼ੀਲੈਂਡ ਦੇ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦੇਸ਼ ਦੇ ਵਿਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਇਹ ਲਗਾਤਾਰ 6ਵਾਂ ਦਿਨ ਹੈ ਜਦੋਂ ਨਿਊਜ਼ੀਲੈਂਡ 'ਚ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ covid -19 ਦੇ 1504 ਕੇਸ ਹਨ। ਕੋਰੋਨਾ ਤੋਂ 12 ਹੋਰ ਲੋਕ ਰਿਕਵਰ ਹੋਏ ਹਨ ਤੇ ਹੁਣ ਸਿਰਫ਼ 8 ਐਕਟਿਵ ਕੇਸ ਹੀ ਰਹਿ ਗਏ ਹਨ।
ਕੋਈ ਵੀ ਮਰੀਜ਼ ਕੋਵਿਡ -19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ। ਆਕਲੈਂਡ ਦੀ 96 ਸਾਲਾ ਮਹਿਲਾ ਐਲੀਨ ਹੰਟਰ ਦੀ ਹਫ਼ਤੇ ਦੇ ਅਖੀਰ ਵਿੱਚ ਕੋਵਿਡ -19 ਦੀ ਸ਼ੱਕੀ ਮੌਤ ਦੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ। ਸੈਂਟ ਮਾਰਗਰੇਟ ਰੈਸਟ ਹੋਮ ਦੀ ਵਸਨੀਕ ਹੰਟਰ ਦੇ ਮੌਤ ਦੇ ਨੋਟੀਫ਼ਿਕੇਸ਼ਨ (death notification) 'ਚ ਕਿਹਾ ਗਿਆ ਹੈ 24 ਮਈ ਨੂੰ 96 ਸਾਲਾ ਬਜ਼ੁਰਗ ਦੀ ਮੌਤ 'ਕੋਵਿਡ -19' ਕਾਰਣ ਹੋਈ। ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਮੌਤ ਦੇ ਕਾਰਣਾਂ ਦੀ ਜਾਂਚ ਕਰ ਰਹੇ ਹਨ। ਉਸ ਨੂੰ ਅਪ੍ਰੈਲ ਵਿੱਚ covid -19 ਹੋਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ।
ਉਸ ਦੇ ਦੋ ਟੈਸਟਾਂ ਦੇ ਨਕਾਰਾਤਮਿਕ ਨਤੀਜੇ ਪੇਸ਼ ਆਉਣ ਤੋਂ ਬਾਅਦ, ਉਸ ਨੂੰ ਵਾਪਸ ਸੈਂਟ ਮਾਰਗਰੇਟ ਦੇ ਰੈਸਟ ਹੋਮ ਵਿੱਚ ਤਬਦੀਲ ਕਰ ਦਿੱਤਾ ਗਿਆ। ਕੋਵਿਡ -19 ਉਸ ਦੀ ਮੌਤ ਦਾ ਕਾਰਨ ਨਹੀਂ ਸੀ, ਪਰ ਇਸ ਨੂੰ ਮੰਤਰਾਲੇ ਦੀ ਕੋਵਿਡ ਨਾਲ ਸਬੰਧਿਤ ਮੌਤਾਂ ਦੀ ਗਿਣਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹੰਟਰ ਦੇ ਪਰਿਵਾਰ ਦਾ ਮੰਨਣਾ ਹੈ ਕਿ ਉਸ ਨੂੰ ਮਾਰੂ ਵਾਇਰਸ ਦਾ ਸੰਕਰਮਣ ਸਟਾਫ਼ ਅਤੇ ਮਰੀਜ਼ਾਂ ਤੋਂ ਲੱਗਾ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਹੰਟਰ ਦੀ ਮੌਤ ਨੂੰ ਹੁਣ ਕੋਵਿਡ -19 ਨਾਲ ਸਬੰਧਿਤ ਮੰਨਿਆ ਜਾਵੇਗਾ।