ਫ਼ਤਿਹਗੜ੍ਹ ਸਾਹਿਬ : ਸਰਹਿੰਦ ਦੇ ਪੁਰਾਣੇ ਫਲਾਈਓਵਰ ਰੋਡ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਵਿਫਟ (swift) ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਨੌਜਵਾਨ ਇਸ 'ਚ ਫਸ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਕੱਢ ਕੇ ਸਿਵਲ ਹਸਪਤਾਲ (civil hospital) ਪਹੁੰਚਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਸਰਹਿੰਦ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸਰਹਿੰਦ ਦੇ ਉੱਜਵਲ ਸੂਦ (22), ਪਿੰਡ ਖਰੌੜੀ ਦੇ ਸੁਖਚੈਨ ਸਿੰਘ (20) ਤੇ ਪਿੰਡ ਨਲੀਨਾ ਕਲਾਂ ਦੇ ਅਮਿਤੋਜ ਸਿੰਘ (21) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਵਾਪਰੇ ਹਾਦਸੇ ਦੌਰਾਨ ਇਕ ਕਾਰ ਅਤੇ ਤੇਲ ਟੈਂਕਰ ਦੀ ਸਿੱਧੀ ਟੱਕਰ ਹੋ ਗਈ ਤੇ ਇਸ ਦਰਦਨਾਕ ਹਾਦਸੇ 'ਚ ਤਿੰਨ ਕਾਰ ਸਵਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ 'ਚ ਤਿੰਨੋਂ ਨੌਜਵਾਨ ਕਾਰ 'ਚ ਬੁਰੀ ਤਰ੍ਹਾਂ ਫਸ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਕਾਰ ਦੀਆਂ ਤਾਕੀਆਂ ਤੋੜ ਕੇ ਬਾਹਰ ਕੱਢਿਆ ਤੇ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਧਰ ਸਿਵਲ ਹਸਪਤਾਲ 'ਚ ਐਮਰਜੈਂਸੀ 'ਚ ਡਿਊਟੀ (emergency duty) 'ਤੇ ਤਾਇਨਾਤ ਡਾ. ਮਨਜਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਦੀ ਮੋਰਚਰੀ 'ਚ ਰੱਖਿਆ ਗਿਆ ਹੈ ।