ਵਾਸ਼ਿੰਗਟਨ : ਅਮਰੀਕਾ ਵਿਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਹੋਈਆਂਂ ਮੌਤਾਂ ਦਾ ਅੰਕੜਾ ਲਗਭਗ 1 ਲੱਖ ਦੇ ਕਰੀਬ ਪਹੁੰਚ ਗਿਆ ਹੈ। ਹਾਲਾਂਕਿ ਬੀਮਾਰੀ ਪ੍ਰਤੀ ਲਾਪਰਵਾਹ ਅਮਰੀਕਾ ਦੇ ਸਾਰੇ 50 ਸੂਬਿਆਂ ਵਿਚ ਤਾਲਾਬੰਦੀ ਵਿਚ ਛੋਟ ਦਾ ਐਲਾਨ ਕਰ ਦਿਤਾ ਹੈ। ਅਮਰੀਕੀ ਖੋਜਕਰਤਾਵਾਂ ਨੇ ਚਿਤਾਵਨੀ ਦਿਤੀ ਹੈ ਕਿ ਜੇ ਟੀਕਾ ਤਿਆਰ ਨਾ ਹੋਇਆ ਅਤੇ ਲਾਗ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਦੇਸ਼ ਵਿਚ 50-60 ਲੱਖ ਲੋਕ ਮਹਾਂਮਾਰੀ ਦੀ ਲਪੇਟ ਵਿਚ ਆ ਜਾਣਗੇ। ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ 2024 ਤਕ 14 ਲੱਖ ਤਕ ਪਹੁੰਚ ਸਕਦਾ ਹੈ। ਅਮਰੀਕਾ ਵਿਚ ਸੱਭ ਤੋਂ ਵੱਧ ਤਬਾਹੀ ਨਿਊਯਾਰਕ ਵਿਚ ਵੇਖਣ ਨੂੰ ਮਿਲੀ ਹੈ, ਜਿੱਥੇ ਦੇਸ਼ ਦੇ ਕੁਲ 22 ਫ਼ੀ ਸਦੀ ਮਾਮਲੇ ਹਨ, ਪਰ ਲਗਭਗ 30 ਹਜ਼ਾਰ ਮੌਤਾਂ ਹੋਈਆਂ ਹਨ। ਨਿਊਯਾਰਕ ਵਿਚ ਹੀ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਤੇ ਸਫ਼ਾਰਤਖਾਨੇ ਹਨ। ਨਿਊਯਾਰਕ, ਨਿਊਜਰਸੀ, ਕੈਲੇਫ਼ੋਰਨੀਆ, ਇਲੀਨੋਇਸ ਤੇ ਮੈਸਾਚਿਉਸੇਟਸ ਨੂੰ ਮਿਲਾ ਕੇ 5 ਸੂਬਿਆਂ 'ਚ ਹੀ 55, 000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੋ ਮਹੀਨਿਆਂ ਦੀ ਸਖ਼ਤ ਤਾਲਾਬੰਦੀ ਦੇ ਬਾਵਜੂਦ ਅਮਰੀਕਾ ਵਿਚ ਮੌਤਾਂ ਦਾ ਅੰਕੜਾ 1, 00, 000 ਤਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 1957 ਵਿਚ ਫ਼ਲੂ ਨਾਲ 1 ਲੱਖ 16 ਹਜ਼ਾਰ ਅਤੇ 1968 ਵਿਚ 1 ਲੱਖ ਲੋਕ ਮਾਰੇ ਗਏ ਸਨ। ਪਰ ਇਹ ਅੰਕੜਾ ਵੀ ਛੇਤੀ ਪਾਰ ਹੋ ਜਾਣ ਦੀ ਸੰਭਾਵਨਾ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ 6 ਲੱਖ 75 ਹਜ਼ਾਰ ਅਮਰੀਕੀਆਂ ਨੇ ਫਲੂ ਕਾਰਨ ਆਪਣੀ ਜਾਨ ਗੁਆਈ ਸੀ।