ਜਲੰਧਰ 10, ਲੁਧਿਆਣਾ 'ਚ 7 ਤੇ ਹੁਸ਼ਿਆਰਪੁਰ 'ਚ 4 ਮਰੀਜ਼ ਮਿਲੇ
ਜਲੰਧਰ : ਜਲੰਧਰ ਵਿਚ ਸੋਮਵਾਰ ਨੂੰ ਇਕ ਹੀ ਦਿਨ ਵਿਚ ਦੂਜਾ ਵੱਡਾ ਕੋਰੋਨਾ ਧਮਾਕਾ (corona blast) ਹੋਇਆ ਸੀ। ਸੋਮਵਾਰ ਸਵੇਰੇ 6 ਨਵੇਂ ਕੇਸ ਆਉਣ ਤੋਂ ਬਾਅਦ, ਇਕ ਵਾਰ ਫਿਰ ਕੋਰੋਨਾ ਦੇ ਵੱਡੀ ਗਿਣਤੀ ਵਿਚ ਮਰੀਜ਼ ਆਏ ਹਨ। ਦੇਰ ਰਾਤ ਜਲੰਧਰ ਤੋਂ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਲਾਜਪਤ ਨਗਰ ਤੋਂ 3, ਨਿਊ ਜਵਾਹਰ ਨਗਰ ਦੇ 2, ਧੀਨਾ ਤੋਂ 2, ਕੰਨਿਆਵਾਲੀ ਦੇ 1, ਹਰਦਿਆਲਾ ਨਗਰ-ਗੜ੍ਹਾ ਤੋਂ 1, ਅਮਨ ਨਗਰ ਤੋਂ 1 ਕੇਸ ਆਏ ਹਨ। ਜਿਸ ਨਾਲ ਜਲੰਧਰ ਦੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਨ੍ਹਾਂ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵਧ ਕੇ 238 ਹੋ ਗਈ ਹੈ।
ਲੁਧਿਆਣਾ : ਲੁਧਿਆਣਾ ਵਿਚ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੇ 7 ਹੋਰ ਜਵਾਨ ਕੋਰੋਨਾ ਪਾਜ਼ੇਟਿਵ ਆਏ ਹਨ। ਇਹ ਜਵਾਨਾਂ ਦੇ ਸੰਪਰਕ ਵਿਚ ਆਉਣ ਵਾਲੇ 100 ਮੁਲਾਜ਼ਮਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਪਹਿਲਾ ਵੀ ਕਈ ਜਵਾਨ ਪਾਜ਼ੇਟਿਵ ਆਏ ਸਨ। ਪੰਜਾਬ ਵਿਚ ਹੁਣ ਕੋਰੋਨਾ ਵਾਇਰਸ 2100 ਦੇ ਕਰੀਬ ਮਰੀਜ਼ ਹਨ। ਹੁਣ ਤਕ ਪੰਜਾਬ ਵਿਚ 1913 ਮਰੀਜ਼ ਠੀਕ ਹੋ ਗਏ ਹਨ ਅਤੇ 40 ਮਰੀਜ਼ਾਂ ਦੀ ਮੌਤ ਹੋਈ ਹੈ। ਪੰਜਾਬ ਵਿਚ 151 ਕੇਸ ਐਕਟਿਵ (active) ਹਨ।
ਹੁਸ਼ਿਆਰਪੁਰ : ਜ਼ਿਲ੍ਹੇ 'ਚ ਚਾਰ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁਲ ਗਿਣਤੀ 111 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦਸਿਆ ਕਿ covid-19 ਦੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ 'ਚੋਂ 127 ਵਿਅਕਤੀਆਂ ਦੇ ਲਏ ਗਏ ਸੈਂਪਲਾਂ ਦੀ ਆਈ ਰੀਪੋਰਟ ਤੋਂ ਬਾਅਦ 4 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਤਿੰਨ ਮਰੀਜ਼ ਪਿੰਡ ਨੰਗਲੀ ਜਲਾਲਪੁਰ, 1 ਪਿੰਡ ਪੁਰੀਕਾ ਦੇ ਕਿਡਨੀ ਤੋਂ ਪ੍ਰਭਾਵਤ ਵਿਅਕਤੀ, ਜਿਸ ਦੀ ਕੁੱਝ ਦਿਨ ਪਹਿਲਾਂ ਜਲੰਧਰ ਵਿਖੇ ਮੌਤ ਹੋ ਗਈ ਸੀ, ਦੇ ਨਜ਼ਦੀਕੀ ਹਨ।
ਫ਼ਰੀਦਕੋਟ 'ਚ ਆਇਆ ਇਕ corona +ve
ਫ਼ਰੀਦਕੋਟ : ਬੀਤੇ ਕਲ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਸਿਹਤ ਵਿਭਾਗ ਵਲੋਂ ਦਾਅਵਾ ਕੀਤਾ ਗਿਆ ਕਿ ਹੁਣ ਫ਼ਰੀਦਕੋਟ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਹੈ ਪਰ ਦਾਅਵੇ ਦੇ ਕਰੀਬ ਪੰਜ ਘੰਟਿਆਂ ਬਾਅਦ ਹੀ ਇਕ 22 ਸਾਲਾ ਨੌਜਵਾਨ ਦਾ ਪਾਜ਼ੇਟਿਵ ਕੇਸ ਸਾਹਮਣੇ ਆ ਗਿਆ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ (dr. rajinder kumar civil surgeon) ਨੇ ਦਸਿਆ ਕਿ ਹੁਣ ਗੁੜਗਾਉਂ ਤੋਂ ਫ਼ਰੀਦਕੋਟ ਆਇਆ 22 ਸਾਲਾ ਨੌਜਵਾਨ ਜੋ ਪਿੰਡ ਸੈਦਾ ਸਿੰਘ ਵਾਲਾ ਦਾ ਹੈ, ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਉਸ ਨੂੰ ਆਈਸੋਲੇਸ਼ਨ ਵਾਰਡ (isolation ward) ਵਿਚ ਦਾਖ਼ਲ ਕਰਵਾ ਦਿਤਾ ਗਿਆ ਹੈ। ਹੁਣ ਸਿਰਫ ਫ਼ਰੀਦਕੋਟ ਦਾ 1 ਐਕਟਿਵ ਕੇਸ ਹੈ ਜੋ ਜ਼ੇਰੇ ਇਲਾਜ ਹੈ।
ਨਵਾਂਸ਼ਹਿਰ 'ਚ ਪ੍ਰਵਾਸੀ ਔਰਤ ਆਈ ਕੋਰੋਨਾ ਪਾਜ਼ੇਟਿਵ
ਨਵਾਂ ਸ਼ਹਿਰ : ਜ਼ਿਲ੍ਹੇ 'ਚ ਪੰਜਾਬ ਤੋਂ ਬਾਹਰੋਂ ਆਏ ਇਕ ਪ੍ਰਵਾਸੀ ਪਰਿਵਾਰ ਦੇ ਇਕਾਂਤਵਾਸ ਕੀਤੇ ਚਾਰ ਮੈਂਬਰਾਂ ਦੇ ਲਏ ਗਏ ਕੋਵਿਡ ਸੈਂਪਲਾਂ 'ਚੋਂ ਇਕ ਮਹਿਲਾ ਦਾ ਟੈਸਟ ਪਾਜ਼ੇਟਿਵ (covid-19 test report positive) ਪਾਇਆ ਗਿਆ ਹੈ ਜਦਕਿ ਬਾਕੀ ਤਿੰਨ ਮੈਂਬਰਾਂ ਦੇ ਟੈਸਟ ਨੈਗੇਟਿਵ ਪਾਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦਸਿਆ ਕਿ ਨਵਾਂਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ 'ਚ ਰਹਿੰਦਾ ਇਹ ਪਰਵਾਰ ਲਾਕਡਾਊਨ (lockdown) ਤੋਂ ਪਹਿਲਾਂ ਅਪਣੇ ਜੱਦੀ ਸ਼ਹਿਰ ਫ਼ਿਰੋਜ਼ਾਬਾਦ ਚਲਾ ਗਿਆ ਸੀ। ਬੀਤੀ 23 ਮਈ ਨੂੰ ਵਾਪਸ ਨਵਾਂਸ਼ਹਿਰ ਆਉਣ 'ਤੇ ਇਨ੍ਹਾਂ ਚਾਰ ਪਰਵਾਰਕ ਮੈਂਬਰਾਂ ਜਿਨ੍ਹਾਂ 'ਚ ਦੋ ਮਹਿਲਾਵਾਂ ਕ੍ਰਮਵਾਰ 38 ਤੇ 33 ਸਾਲ, ਇਕ ਲੜਕੀ 18 ਸਾਲ ਤੇ ਇਕ ਬੱਚਾ 5 ਸਾਲ ਦਾ ਸ਼ਾਮਲ ਹਨ, ਨੂੰ ਘਰ 'ਚ ਹੀ ਇਕਾਂਤਵਾਸ ਕਰਕੇ, ਉਨ੍ਹਾਂ ਦੇ ਸੈਂਪਲ ਸਿਹਤ ਵਿਭਾਗ ਦੀ ਟੀਮ ਵਲੋਂ ਲਏ ਗਏ ਸਨ। ਇਨ੍ਹਾਂ 'ਚੋਂ 38 ਸਾਲ ਦੀ ਮਹਿਲਾ ਦਾ ਟੈਸਟ +ve ਆਇਆ ਜਦਕਿ ਬਾਕੀ ਤਿੰਨਾਂ ਦੇ ਨੈਗੇਟਿਵ ਪਾਏ ਗਏ ਹਨ।