ਫਿਰੋਜ਼ਪੁਰ : ਕੁਝ ਦਿਨਾਂ ਤੋਂ ਜ਼ਿਲਾ ਦੇ ਕੋਰੋਨਾ ਮੁਕਤ ਰਹਿਣ ਦੇ ਬਾਅਦ ਅੱਜ ਫਿਰ ਕੋਰੋਨਾਵਾਇਰਸ (coronavirus) ਮਰੀਜ਼ ਨੇ ਫਿਰੋਜ਼ਪੁਰ 'ਚ ਦਸਤਕ ਦਿੱਤੀ ਹੈ। ਇਸ ਮੌਕੇ ਬਲਾਕ ਮਮਦੋਟ ਦੇ ਪਿੰਡ ਮਾਛੀਵਾੜਾ ਦੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਫਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ 'ਚੋਂ ਬਾਹਰ ਹੋ ਗਿਆ ਹੈ। ਡਿਪਟੀ ਕਮਿਸ਼ਨਰ (deputy commissioner) ਨੇ ਦੱਸਿਆ ਕਿ ਮਾਛੀਵਾੜਾ ਪਿੰਡ ਦਾ ਵਸਨੀਕ ਮਾਨ ਸਿੰਘ, ਜੋ ਕਿ ਟਰੱਕ ਡਰਾਈਵਰ (truck driver) ਹੈ ਅਤੇ ਬੀਤੇ ਦਿਨੀਂ 19 ਮਈ ਨੂੰ ਜੰਮੂ ਤੋਂ ਫਿਰੋਜ਼ਪਰ ਆਇਆ ਸੀ। ਉਸ ਦਾ ਜੰਮੂ ਵਿਖੇ ਸੈਂਪਲ ਲਿਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਜੰਮੂ ਪ੍ਰਸ਼ਾਸਨ ਨੇ ਅੱਜ ਫਿਰੋਜ਼ਪੁਰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਈਵਰ ਫਿਰੋਜ਼ਪੁਰ ਆਉਣ ਤੋਂ ਬਾਅਦ ਗੁਜਰਾਤ ਲਈ ਰਵਾਨਾ ਹੋ ਗਿਆ ਹੈ ਅਤੇ ਉਸ ਦੇ ਸੰਪਰਕ 'ਚ ਆਏ ਲੋਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।