ਮੈਕਸੀਕੋ ਸਿਟੀ : ਪੱਛਮੀ ਮੈਕਸੀਕੋ ਦੀ ਇਕ ਜੇਲ ਵਿਚ ਕੈਦੀਆਂ ਨੇ ਬੰਦੂਕਾਂ ਨਾਲ ਇਕ-ਦੂਜੇ ਉਤੇ ਹਮਲਾ ਕੀਤਾ ਅਤੇ ਕੁੱਟਮਾਰ ਵੀ ਕੀਤੀ ਜਿਸ ਕਾਰਨ 7 ਕੈਦੀਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਜਲਿਸਕੋ ਰਾਜ ਅਧਿਕਾਰੀਆਂ ਨੇ ਪੁਏਂਤੇ ਗਰਾਂਡੇ ਜੇਲ ਕੰਪਲੈਕਸ (jail complex) ਵਿਚ ਹੋਈ ਇਸ ਘਟਨਾ ਨੂੰ ਦੰਗਿਆਂ ਦੀ ਬਜਾਏ ਕੈਦੀਆਂ ਵਿਚਾਲੇ ਲੜਾਈ ਕਰਾਰ ਦਿਤਾ। ਜੇਲ ਦੇ ਨਿਦੇਸ਼ਕ ਜੋਸ ਐਨਤੋਨੀਓ ਪੇਰੇਜ ਨੇ ਕਿਹਾ, ਜੇਲ ਵਿਚ ਕੋਈ ਦੰਗਾ ਨਹੀਂ ਹੋਇਆ। ਅਧਿਕਾਰੀਆਂ ਨੇ ਇਹ ਨਹੀਂ ਦਸਿਆ ਕਿ ਕੈਦੀਆਂ (prisoners) ਨੇ ਜਿਨ੍ਹਾਂ 2 ਬੰਦੂਕਾਂ ਨਾਲ ਇਕ-ਦੂਜੇ ਉਤੇ ਹਮਲਾ ਕੀਤਾ ਹੈ, ਉਹ ਉਨ੍ਹਾਂ ਕੋਲ ਕਿੱਥੋਂ ਆਈਆਂ। ਪੇਰੇਜ ਨੇ ਕਿਹਾ ਕਿ ਕੈਦੀਆਂ ਦੇ ਇਕ ਸਮੂਹ ਨੇ ਉਨ੍ਹਾਂ ਹੋਰ ਕੈਦੀਆਂ ਉਤੇ ਹਮਲਾ ਕਰਨਾ ਸ਼ੁਰੂ ਕਰ ਦਿਤਾ, ਜਿਨ੍ਹਾਂ ਨੇ ਕੁੱਝ ਕੀਤਾ ਹੀ ਨਹੀਂ ਸੀ, ਜਿਸ ਦੇ ਬਾਅਦ ਜੇਲ ਦੇ ਹੋਰ ਕੈਦੀਆਂ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਵਕੀਲਾਂ ਨੇ ਦਸਿਆ ਕਿ 5 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਲੜਾਈ ਜੇਲ ਵਿਚ ਬੇਸਬਾਲ ਦੇ ਇਕ ਮੈਚ ਬਾਅਦ ਹੋਈ ਸੀ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਸ ਝਗੜੇ ਦਾ ਸਬੰਧ ਉਸ ਮੈਚ ਨਾਲ ਹੈ ਜਾਂ ਨਹੀਂ ਅਤੇ ਨਾ ਹੀ ਇਹ ਗੱਲ ਸਪੱਸ਼ਟ ਹੈ ਕਿ ਇਸ ਝਗੜੇ ਦੇ ਪਿੱਛੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਗਰੋਹ ਦਾ ਹੱਥ ਹੈ ਜਾਂ ਨਹੀਂ। ਹਮਲੇ ਵਿਚ ਮਾਰੇ ਗਏ ਸੱਤ ਕੈਦੀਆਂ ਵਿਚੋਂ ਤਿੰਨ ਦੀ ਮੌਤ ਗੋਲੀ ਲੱਗਣ ਅਤੇ ਚਾਰ ਦੀ ਮੌਤ ਕੁੱਟਮਾਰ ਕਾਰਨ ਹੋਈ। ਨੌ ਜ਼ਖ਼ਮੀਆਂ ਵਿਚੋਂ ਛੇ ਨੂੰ ਕੁੱਟਮਾਰ ਦੌਰਾਨ ਸੱਟਾਂ ਆਈਆਂ ਹਨ ਅਤੇ ਤਿੰਨ ਕੈਦੀ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਹੈ। ਪੁਏਂਤੇ ਗਰਾਂਡੇ ਓਹੀ ਜੇਲ ਹੈ, ਜਿੱਥੋਂ ਨਸ਼ੀਲੇ ਪਦਾਰਥਾਂ ਦਾ ਖਤਰਨਾਕ ਤਸਕਰ ਜੋਕਿਨ ਐਲ ਚਾਪੋ ਗੁਜਮੈਨ 2001 ਵਿਚ ਪਹਿਲੀ ਵਾਰ ਜੇਲ ਵਿਚੋਂ ਭਜਿਆ ਸੀ।