ਰਾਮਪੁਰਾ ਫੂਲ : ਸਥਾਨਕ ਜੋੜੇ ਪੁਲ ਦੇ ਨਜਦੀਕ ਇੱਕ ਨੌਜਵਾਨ ਤੇ ਕਾਰ ਸਵਾਰ ਕੁੱਝ ਵਿਅਕਤੀਆਂ ਨੇ ਅੰਨੇਵਾਹ ਫਾਇਰਿੰਗ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤੇ ਜਾਣ ਦੀ ਖਬਰ ਹੈ। ਥਾਣਾ ਸਿਟੀ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਜੱਗਾ ਸਿੰਘ ਪੁੱਤਰ ਬੋਗੜ ਸਿੰਘ ਵਾਸੀ ਰਾਮਪੁਰਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਮੇਰਾ ਲੜਕਾ ਨਰਿੰਦਰ ਸਿੰਘ (24) ਰਾਤ ਵੇਲੇ ਸੂਏ ਦੀ ਪਟੜੀ ਤੇ ਸੈਰ ਕਰਨ ਚਲਾ ਗਿਆ। ਇਸ ਦੌਰਾਨ ਇਕ ਗੱਡੀ ਆਈ ਤੇ ਉਸ ਵਿਚ ਸਵਾਰ ਵਿਅਕਤੀਆਂ ਨੇ ਮੇਰੇ ਲੜਕੇ ਤੇ ਅੰਨੇਵਾਹ ਫਾਇਰਿੰਗ ਸੁਰੂ ਕਰ ਦਿੱਤੀ ਤੇ ਇੱਕ ਫਾਇਰ ਉਸ ਦੀ ਸੱਜੇ ਪਾਸੇ ਵਾਲੀ ਬੱਖੀ ਕੋਲ ਵੱਜਾ ਜਿਸ ਕਾਰਨ ਉਹ ਉੱਥੇ ਹੀ ਡਿੱਗ ਪਿਆ ਅਤੇ ਗੋਲੀਆ ਚਲਾਉਣ ਵਾਲੇ ਵਿਅਕਤੀ ਫਰਾਰ ਹੋ ਗਏ। ਲੋਕਾਂ ਦੀ ਮੱਦਦ ਨਾਲ ਜਖਮੀ ਨਰਿੰਦਰ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਦਾ ਗਿਆ। ਪਰ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਆਦੇਸ਼ ਹਸਪਤਾਲ ਭੁੱਚੋ ਵਿਖੇ ਰੈਫਰ ਕਰ ਦਿੱਤਾ। ਇਸ ਮਾਮਲੇ ਦੇ ਤਫਤੀਸੀ ਅਫਸਰ (investigation officer) ਰਣਜੀਤ ਸਿੰਘ ਨੇ ਦੱਸਿਆ ਕਿ ਉੱਕਤ ਵਿਅਕਤੀ ਤੇ ਗੋਲੀਆਂ ਚਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਉਨਾਂ ਅੱਗੇ ਦੱਸਿਆ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਕੁੱਝ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ਤੇ ਲਿਆਦਾ ਗਿਆ ਹੈ। ਇੰਨਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਸਥਿਤੀ ਸਾਫ ਹੋਵੇਗੀ।