ਲੰਡਨ : ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਈਕ ਦੇ ਚੈਨਲ ਪੀਸ ਟੀਵੀ ਅਤੇ ਪੀਸ ਟੀਵੀ ਉਰਦੂ 'ਤੇ ਬ੍ਰਿਟੇਨ ਵਿਚ ਤਿੰਨ ਲੱਖ ਪੌਂਡ ਦਾ ਜ਼ੁਰਮਾਨਾ ਲੱਗਾ ਹੈ। ਪੀਸ ਟੀਵੀ ਨੂੰ ਅਪਣੇ ਪ੍ਰਸਾਰਣਾਂ ਦੇ ਜ਼ਰੀਏ ਬ੍ਰਿਟੇਨ ਵਿਚ ਹਤਿਆ ਲਈ ਭੜਕਾਉਣ ਅਤੇ ਨਫਰਤ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਪੀਸ ਟੀਵੀ 'ਤੇ ਇਹ ਜ਼ੁਰਮਾਨਾ ਬ੍ਰਿਟੇਨ ਦੀ ਮੀਡੀਆ ਵਾਚਡੌਗ ਆਫਕਾਮ ਨੇ ਲਗਾਇਆ ਹੈ। ਆਫਕਾਮ ਬ੍ਰਿਟੇਨ ਵਿਚ ਸੰਚਾਰ ਮਾਧਿਅਮਾਂ 'ਤੇ ਨਜ਼ਰ ਰੱਖਣ ਵਾਲੀ ਰੈਗੁਲੇਟਰੀ ਸੰਸਥਾ ਹੈ। ਆਫਕਾਮ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਫਕਾਮ ਨੇ ਪੀਸ ਟੀਵੀ ਉਰਦੂ 'ਤੇ 2 ਲੱਖ ਪੌਂਡ ਅਤੇ ਪੀਸ ਟੀਵੀ 'ਤੇ 1 ਲੱਖ ਪੌਂਡ ਦਾ ਜ਼ੁਰਮਾਨਾ ਲਗਾਇਆ ਹੈ। ਇਹ ਜ਼ੁਰਮਾਨਾ ਦੇਸ਼ ਦੇ ਬ੍ਰਾਡਕਾਸਟਿੰਗ ਨਿਯਮਾਂ ਨੂੰ ਤੋੜਣ ਦੇ ਬਦਲੇ ਲਗਾਇਆ ਗਿਆ ਹੈ। ਆਫਕਾਮ ਨੇ ਕਿਹਾ ਕਿ ਪੀਸ ਟੀਵੀ ਉਰਦੂ ਅਤੇ ਪੀਸ ਟੀਵੀ 'ਤੇ ਪ੍ਰਸਾਰਿਤ ਪ੍ਰੋਗਰਾਮ ਦੀ ਸਮੱਗਰੀ ਬਹੁਤ ਇਤਰਾਜ਼ਯੋਗ ਸੀ ਅਤੇ ਇਕ ਜਗ੍ਹਾ ਅਜਿਹਾ ਲੱਗ ਰਿਹਾ ਸੀ ਕਿ ਇਹ ਸਮੱਗਰੀ ਲੋਕਾਂ ਨੂੰ ਅਪਰਾਧ ਕਰਨ ਲਈ ਭੜਕਾ ਰਹੀ ਸੀ। ਆਫਕਾਮ ਨੇ ਕਿਹਾ, ''ਅਸੀਂ ਅਪਣੀ ਜਾਂਚ ਵਿਚ ਪਾਇਆ ਕਿ ਪ੍ਰੋਗਰਾਮ ਦੀ ਸਮੱਗਰੀ ਗੰਭੀਰ ਰੂਪ ਨਾਲ ਬ੍ਰਿਟੇਨ ਦੇ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ। ਇਸ 'ਤੇ ਜ਼ੁਰਮਾਨਾ ਲਗਾਉਣ ਦੀ ਲੋੜ ਸੀ। ਇਸ ਦੇ ਸਾਬਕਾ ਲਾਈਸੈਂਸ ਧਾਰਕ ਕਲੱਬ ਟੀਵੀ ਅਤੇ ਲਾਰਡ ਪ੍ਰੋਡਕਸ਼ਨ ਨੂੰ ਹੁਣ 2 ਲੱਖ ਪੌਂਡ ਅਤੇ ਇਕ ਲੱਖ ਪੌਂਡ ਦਾ ਭੁਗਤਾਨ ਕਰਨਾ ਹੋਵੇਗਾ।''