ਲੰਡਨ : ਇੰਗਲੈਂਡ ਸਰਕਾਰ ਨੇ ਇੱਕ ਨਵੀਂ ਖੋਜ ਦੇ ਹਿੱਸੇ ਵਜੋਂ ਵਿਸ਼ੇਸ਼ ਤੌਰ 'ਤੇ ਸਿਖਾਏ ਕੁੱਤਿਆਂ ਦੀ ਪਰਖ ਸ਼ੁਰੂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕੁੱਤੇ ਲੱਛਣ ਨਜ਼ਰ ਆਉਣ ਤੋਂ ਪਹਿਲਾਂ ਹੀ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਪਛਾਣ ਕਰਨਗੇ। ਭਵਿੱਖ ਵਿਚ ਕੋਰੋਨਾਵਾਇਰਸ ਤੋਂ ਅਗਾਊਂ ਬਚਾਅ ਕਰਨ ਹਿੱਤ ਇਨ੍ਹਾਂ ਕੁੱਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿਹਤ ਵਿਭਾਗ ਅਨੁਸਾਰ ਪੰਜ ਲੱਖ ਪੌਂਡ ਦੀ ਸਰਕਾਰੀ ਮਦਦ ਨਾਲ ਲੰਡਨ ਸਕੂਲ ਆਫ ਹਾਈਜੀਨ ਅਤੇ ਟਰੌਪੀਕਲ ਮੈਡੀਸਿਨ ਦੇ ਖੋਜੀਆਂ ਨੇ ਟਰਾਇਲ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਹੈ। ਪਹਿਲੇ ਪੜਾਅ ਅਨੁਸਾਰ ਇਹ ਖੋਜੀ ਕੁੱਤੇ ਸਰੀਰ ਵਿਚਲ ਗੰਧ ਤੋਂ ਰੋਗੀਆਂ ਦੀ ਪਛਾਣ ਕਰਨਗੇ। ਇਸ ਖੋਜ ਵਿਚ ਮੈਡੀਕਲ ਡਿਟੈਕਸ਼ਨ ਡਾਗਜ਼ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ, ਜੋ ਹੁਣ ਤਕ ਕੁੱਤਿਆਂ ਨੂੰ ਕੈਂਸਰ ਤੇ ਮਲੇਰੀਆ ਸਣੇ ਹੋਰ ਬਿਮਾਰੀਆਂ ਦੀ ਪਛਾਣ ਬਾਰੇ ਟਰੇਨਿੰਗ ਦੇ ਚੁੱਕੀ ਹੈ। ਮੰਤਰੀ ਲਾਰਡ ਬੈਥਲ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਸਰਕਾਰ ਦੀ ਵੱਡੇ ਪੱਧਰ 'ਤੇ ਟੈਸਟਿੰਗ ਨੀਤੀ ਲਈ ਇਹ ਕੁੱਤੇ ਸਹਾਈ ਸਿੱਧ ਹੋਣਗੇ।