Saturday, April 05, 2025
 

ਅਮਰੀਕਾ

ਕੋਰੋਨਾ ਤੋਂ ਬਾਅਦ ਹੁਣ ਰਹੱਸਮਈ ਬੀਮਾਰੀ ਨੇ ਦਿਤੀ ਦਸਤਕ, ਕਈ ਮੌਤਾਂ

May 12, 2020 09:17 AM

ਨਿਊਯਾਰਕ : ਕੋਰੋਨਾ ਵਾਇਰਸ ਨਾਲ ਜੂਝ ਰਹੇ ਅਮਰੀਕਾ ਦੇ ਨਿਊਯਾਰਕ ਵਿਚ ਇਕ ਨਵੀਂ ਬਿਮਾਰੀ ਨੇ ਦਸਤਕ ਦੇ ਦਿਤੀ ਹੈ। ਇਹ ਬਿਮਾਰੀ ਬੱਚਿਆਂ ਵਿਚ ਫੈਲ ਰਹੀ ਹੈ ਅਤੇ ਇਕੱਲੇ ਨਿਊਯਾਰਕ ਵਿਚ ਹੀ 73 ਤੋਂ ਵੱਧ ਬੱਚੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚੋਂ 3 ਦੀ ਮੌਤ ਵੀ ਹੋ ਗਈ ਹੈ। ਪੂਰੇ ਅਮਰੀਕਾ ਵਿਚ ਇਸ ਰਹੱਸਮਈ ਬਿਮਾਰੀ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸਿਰਫ਼ ਅਮਰੀਕਾ ਹੀ ਨਹੀਂ, ਬ੍ਰਿਟੇਨ, ਫ਼ਰਾਂਸ, ਇਟਲੀ ਅਤੇ ਸਵਿਟਜ਼ਰਲੈਂਡ ਵਿਚ ਵੀ 50 ਤੋਂ ਵੱਧ ਬੱਚੇ ਇਸ ਬਿਮਾਰੀ ਦੀ ਪਕੜ ਵਿਚ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਬੱਚਿਆਂ ਦੀ ਉਮਰ 2 ਤੋਂ 15 ਸਾਲ ਵਿਚਾਲੇ ਹੈ ਹੈ। 

50 ਤੋਂ ਵੱਧ ਬੱਚੇ ਇਸ ਬਿਮਾਰੀ ਦੀ ਪਕੜ ਵਿਚ

ਨਿਊਯਾਰਕ ਜੀਨੋਮ ਸੈਂਟਰ ਅਤੇ ਰੌਕਫ਼ੈਲਰ ਯੂਨੀਵਰਸਿਟੀ ਬਿਮਾਰੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਸ਼ੁਰੂ ਵਿਚ ਇਹ ਇਕ ਕੋਰੋਨਾ ਦੀ ਲਾਗ ਨਾਲ ਸਬੰਧਤ ਮੰਨਿਆ ਜਾਂਦਾ ਸੀ, ਪਰ ਨਿਊ ਯਾਰਕ ਦੇ ਗਵਰਨਰ ਐਂਡਰਿਊ ਕਿਯੋਮੋ ਨੇ ਦਸਿਆ ਹੈ ਕਿ ਰਹੱਸਮਈ ਬਿਮਾਰੀ ਨਾਲ ਪੀੜਤ ਜਿਆਦਾਤਰ ਬੱਚਿਆਂ ਨੂੰ ਸਾਹ ਲੈਣ ਦੀਆਂ ਸਮੱਸਿਆਵਾਂ ਦੇ ਕੋਈ ਲੱਛਣ ਨਹੀਂ ਦਿਸਦੇ ਹਨ। ਮਰਨ ਵਾਲਿਆਂ ਦੀ ਗਿਣਤੀ 3 ਦਸੀ ਹੈ, ਪਰ ਸਥਾਨਕ ਮੀਡੀਆ ਇਸ ਬਿਮਾਰੀ ਨਾਲ 10 ਤੋਂ ਵੱਧ ਮੌਤਾਂ ਦਾ ਦਾਅਵਾ ਕਰ ਰਿਹਾ ਹੈ। ਨਿਊਯਾਰਕ ਦੇ ਸਿਹਤ ਵਿਭਾਗ ਨੇ ਵੀ ਇਕ ਬਿਆਨ ਜਾਰੀ ਕੀਤਾ ਹੈ ਕਿ ਜਾਂਚ ਚੱਲ ਰਹੀ ਹੈ ਕਿ ਕਿੰਨੇ ਕੇਸ ਹਨ ਅਤੇ ਪੀੜਤ ਬੱਚਿਆਂ ਵਿਚੋਂ ਕਿੰਨੇ ਇਸ ਬਿਮਾਰੀ ਕਿੰਨੇ ਕਾਰਨ ਮਰ ਚੁੱਕੇ ਹਨ। ਨਿਊ ਯਾਰਕ ਟਾਈਮਜ਼ ਦੇ ਅਨੁਸਾਰ, ਇਸ ਬਿਮਾਰੀ ਦੇ ਮੁਢਲੇ ਲੱਛਣ ਚਮੜੀ ਅਤੇ ਧਮਨੀਆਂ ਵਿਚ ਸੋਜ ਹੈ। ਬੱਚਿਆਂ ਦੀਆਂ ਅੱਖਾਂ ਵਿਚ ਜਲਣ ਹੁੰਦੀ ਹੈ ਅਤੇ ਸਰੀਰ ਉਤੇ ਲਾਲ ਚਟਾਕ ਬਣ ਜਾਂਦੇ ਹਨ। ਇਸ ਤੋਂ ਬਾਅਦ ਚਮੜੀ ਦਾ ਰੰਗ ਵੀ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਬੁਖਾਰ, ਪੇਟ ਅਤੇ ਛਾਤੀ ਵਿਚ ਗੰਭੀਰ ਦਰਦ ਅਤੇ ਘੱਟ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਡਾਕਟਰ ਮੰਨਦੇ ਹਨ ਕਿ ਕਿਉਂਕਿ ਬਿਮਾਰੀ ਅਤੇ ਕਾਰਨਾਂ ਦਾ ਪਤਾ ਨਹੀਂ ਹੈ, ਇਸ ਲਈ ਇਲਾਜ ਕਰਨਾ ਵੀ ਮੁਸ਼ਕਲ ਹੈ। ਇਸ ਸਮੇਂ ਮਰੀਜ਼ਾਂ ਨੂੰ ਸਟੇਰੌਇਡਜ਼, ਇੰਟਰਾਵੇਨਸ ਇਮਿਊਨੋਗਲੋਬੂਲਿਨ ਅਤੇ ਐਸਪਰੀਨ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਮੁਸ਼ਕਲ ਹਾਲਤਾਂ ਵਿੱਚ ਐਂਟੀਬਾਇਓਟਿਕਸ ਵੀ ਦਿਤੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਕੁੱਝ ਮਰੀਜ਼ਾਂ ਨੂੰ ਆਕਸੀਜਨ ਸਹਾਇਤਾ 'ਤੇ ਪਾਉਣਾ ਪਿਆ ਅਤੇ ਹੋਰ ਗੰਭੀਰ ਮਰੀਜ਼ਾਂ ਨੂੰ ਵੀ ਵੈਂਟੀਲੇਟਰ ਉਤੇ ਪਾਉਣਾ ਪਿਆ। ਸਿਰਫ਼ ਅਮਰੀਕਾ ਹੀ ਨਹੀਂ, ਬਹੁਤ ਸਾਰੇ ਯੂਰਪੀਅਨ ਦੇਸ਼ਾਂ ਜਿਵੇਂ ਬ੍ਰਿਟੇਨ, ਫਰਾਂਸ, ਸਵਿਟਜ਼ਰਲੈਂਡ ਅਤੇ ਇਟਲੀ ਵਿਚ ਵੀ ਇਸ ਰਹੱਸਮਈ ਬਿਮਾਰੀ ਦੇ ਤਕਰੀਬਨ 50 ਮਾਮਲੇ ਸਾਹਮਣੇ ਆਏ ਹਨ। ਡਬਲਯੂ.ਐਚ.ਓ. ਦੇ ਵਿਗਿਆਨੀ ਡਾ. ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ ਯੂਰਪੀਅਨ ਦੇਸ਼ਾਂ ਵਿਚ ਇਸ ਬਿਮਾਰੀ ਦੇ ਲੱਛਣ ਬਚਪਨ ਵਿਚ ਕਾਵਾਸਾਕੀ ਦੇ ਲੱਛਣਾਂ ਵਾਂਗ ਹੀ ਹਨ। ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਬੱਚਿਆਂ ਉਤੇ ਇਸ ਰਹੱਸਮਈ ਬਿਮਾਰੀ ਦਾ ਅਸਰ ਵਧੇਰੇ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਪੂਰੀ ਤਰ੍ਹਾਂ ਪ੍ਰਤੀਰੋਧਤਾ ਦਾ ਵਿਕਾਸ ਨਹੀਂ ਕੀਤਾ ਹੈ। ਇਸ ਬਿਮਾਰੀ ਦਾ ਪਤਾ ਲਗਾਉਣ ਲਈ ਇਸ ਸਮੇਂ ਜੈਨੇਟਿਕ ਟੈਸਟ ਕੀਤੇ ਜਾ ਰਹੇ ਹਨ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe