ਖਡੂਰ ਸਾਹਿਬ : ਜਿਲਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਉੱਪਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸ੍ਰੀ ਹਜੂਰ ਸਾਹਿਬ ਤੋਂ 4 ਸ਼ਰਧਾਲੂ ਨਿੱਜੀ ਵਾਹਨ ਰਾਹੀਂ ਆਪਣੇ ਘਰ ਆ ਗਏ ਸਨ। ਜਿਸ ਬਾਰੇ ਪ੍ਰਸ਼ਾਸਨ ਨੂੰ ਪਤਾ ਲੱਗਣ 'ਤੇ ਉਕਤ ਸ਼ਰਧਾਲੂਆਂ ਨੂੰ ਘਰੋਂ ਲਿਜਾਕੇ ਸੈਂਪਲ ਲੈ ਕੇ ਖਡੂਰ ਸਾਹਿਬ ਵਿਖੇ ਏਕਾਤਵਾਸ ਕੀਤਾ ਗਿਆ ਸੀ। ਅੱਜ ਉਕਤ ਸ਼ਰਧਾਲੂਆਂ 'ਚੋਂ 3 ਮੈਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਹੈ, ਜਿਨ੍ਹਾਂ 'ਚ 60 ਸਾਲਾ ਅਤੇ 33 ਸਾਲਾ ਦੋ ਔਰਤਾਂ ਅਤੇ ਇਕ 4 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਜਿਸ ਕਰਕੇ ਪਿੰਡ ਉੱਪਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਡੀ. ਐਸ. ਪੀ. ਹਰੀਸ਼ ਬਹਿਲ ਨੇ ਮੌਕੇ 'ਤੇ ਪਹੁੰਚ ਕੇ ਪਿੰਡ ਉੱਪਲ ਨੂੰ ਸੀਲ ਕਰ ਦਿੱਤਾ। ਇਸ ਮੌਕੇ ਉਨ੍ਹਾਂ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੇ ਸਪੰਰਕ 'ਚ ਆਉਣ ਵਾਲੇ ਹਰ ਵਿਅਕਤੀ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਕੋਰੋਨਾ ਦੀ ਭਿਆਨਕ ਬਿਮਾਰੀ ਨੂੰ ਰੋਕਿਆ ਜਾ ਸਕੇ। ਇਸ ਮੌਕੇ ਐਸ. ਐਚ. ਓ. ਵੈਰੋਵਾਲ ਸਮਿੰਦਰਜੀਤ ਸਿੰਘ ਤੇ ਸਿਹਤ ਵਿਭਾਗ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।