ਮੋਗਾ : ਮੋਗਾ ਵਿਚ ਅੱਜ 9 ਹੋਰ ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਮੋਗਾ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 37 ਹੋ ਗਈ ਹੈ ਜਿਹਲਾਂ ਵਿਚੋਂ 36 ਮਰੀਜ਼ ਮੋਗਾ ਦੇ ਆਈਸੋਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ । ਮੋਗਾ ਦੇ ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਮੋਗਾ ਦੇ ਸਰਕਾਰੀ ਹਸਪਤਾਲ ਵਿਚੋਂ 1325 ਸੈਂਪਲ ਭੇਜੇ ਗਏ ਸਨ ਜਿਹਨਾਂ ਵਿਚੋਂ 521 ਨੈਗੇਟਿਵ ਆਏ ਹਨ ਜਦਕਿ 777 ਸੈਂਪਲਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਅੱਜ ਪਾਏ ਗਏ 9 ਕਰੋਨਾ ਪਾਜ਼ਿਟਿਵ ਪਾਏ ਗਏ ਵਿਅਕਤੀਆਂ ਬਾਰੇ ਦੱਸਦਿਆਂ ਉਹਨਾ ਕਿਹਾ ਕਿ ਡੇਮਰੂ ਪਿੰਡ ਤੋਂ 3 ਸ਼ਰਧਾਲੂ ਪਾਜ਼ਿਟਿਵ ਪਾਏ ਗਏ ਹਨ ਅਤੇ ਹਾਲ ਦੀ ਘੜੀ ਇਹਨਾਂ ਨੂੰ ਸੇਂਟ ਜੋਸਫ਼ ਸਕੂਲ ਘੱਲਕਲਾਂ ਵਿਖੇ ਆਈਸੋਲੇਸ਼ਨ ਵਿਚ ਰੱਖਿਆ ਜਾ ਰਿਹਾ ਸੀ ਪਰ ਹੁਣ ਇਹਨਾਂ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਲਿਆਂਦਾ ਜਾ ਰਿਹਾ ਹੈ।