ਮੁੰਬਈ : ਕੋਰੋਨਾ ਵਾਇਰਸ ਦਾ ਸੰਕਟ ਹਰ ਦਿਨ ਵਧਦਾ ਹੀ ਜਾ ਰਿਹਾ ਹੈ, ਜਿਸ ਦੇ ਚਲਦਿਆਂ ਪੂਰੇ ਦੇਸ਼ ਵਿਚ 'ਲੌਕ ਡਾਊਨ' ਕੀਤਾ ਗਿਆ। ਅਜਿਹੇ ਵਿਚ ਦਿਹਾੜੀਦਾਰ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਇਨ੍ਹਾਂ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਉੱਥੇ ਹੀ ਫ਼ਿਲਮੀ ਸਿਤਾਰੇ ਵੀ ਇਨ੍ਹਾਂ ਮਜ਼ਦੂਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹੁਣ ਤਕ ਬਾਲੀਵੁੱਡ ਦੇ ਕਈ ਸਿਤਾਰੇ ਇਨ੍ਹਾਂ ਦੀ ਮਦਦ ਕਰ ਚੁੱਕੇ ਹਨ। ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਵੀ ਆਪਣੇ ਵਲੋਂ ਹਰ ਸੰਭਵ ਮਦਦ ਕਰ ਰਹੇ ਹਨ। ਸਲਮਾਨ ਖਾਨ ਬਾਲੀਵੁੱਡ ਇੰਡਸਟਰੀ ਨਾਲ ਜੁੜੇ 25 ਹਜ਼ਾਰ ਦਿਹਾੜੀਦਾਰ ਮਜ਼ਦੂਰਾਂ ਅਤੇ ਗਰੀਬਾਂ ਦੀ ਮਦਦ ਕਰ ਰਹੇ ਹਨ।
ਉਹ ਇਨ੍ਹਾਂ ਲੋਕਾਂ ਨੂੰ ਆਰਥਿਕ ਮਦਦ ਦੇ ਨਾਲ-ਨਾਲ ਜ਼ਰੂਰਤ ਦਾ ਸਮਾਨ ਵੀ ਦੇ ਰਹੇ ਹਨ। ਜਦੋ ਤੋਂ ਲੌਕ ਡਾਊਨ ਲੱਗਾ ਹੈ ਓਦੋਂ ਤੋਂ ਸਲਮਾਨ ਖਾਨ ਆਪਣੇ ਪਨਵੇਲ ਵਾਲੇ ਫਾਰਮ ਹਾਊਸ ਵਿਚ ਠਹਿਰੇ ਹਨ। ਉਨ੍ਹਾਂ ਨਾਲ ਉਨ੍ਹਾਂ ਦੀ ਖਾਸ ਦੋਸਤ ਜੈਕਲੀਨ ਫਰਨਾਡੀਜ਼ ਅਤੇ ਯੂਲੀਆ ਵੰਤੁਰ ਕਈ ਹੋਰ ਲੋਕ ਵੀ ਰੁਕੇ ਹਨ।
ਇਸੇ ਦੌਰਾਨ ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਆਪਣੇ ਦੋਸਤਾਂ ਅਤੇ ਹੋਰਨਾਂ ਲੋਕਾਂ ਨਾਲ ਮਿਲ ਕੇ ਮਜ਼ਦੂਰਾਂ ਲਈ ਟਰੈਕਟਰ 'ਤੇ ਭੋਜਨ ਰੱਖਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਲਮਾਨ ਖਾਨ ਇਕ ਖਾਸ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਖਾਣਾ ਰੱਖਣ ਲਈ ਆਪਣੇ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਟੈਗ ਵੀ ਕੀਤਾ।