ਫਗਵਾੜਾ : ਕੋਰੋਨਾ ਵਾਇਰਸ ਕਾਰਨ ਫਗਵਾੜਾ 'ਚ 65 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਡੀ.ਐੱਮ.ਸੀ. ਲੁਧਿਆਣਾ 'ਚ ਰੈਫਰ ਕੀਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵੱਲੋਂ ਕੀਤੀ ਗਈ ਹੈ। ਉਕਤ ਵਿਅਕਤੀ ਦੀ ਲੁਧਿਆਣਾ 'ਚ ਹੋਈ ਮੌਤ ਦੇ ਬਾਰੇ ਅਧਿਕਾਰਤ ਤੌਰ 'ਤੇ ਪੁਸ਼ਟੀ ਕਰਦੇ ਹੋਏ ਦੀਪਤੀ ਨੇ ਕਿਹਾ ਕਿ ਵਿਅਕਤੀ ਦੀ ਮੌਤ ਤੋਂ ਬਾਅਦ ਫਗਵਾੜਾ ਦੇ ਪਲਾਹੀ ਗੇਟ ਅਤੇ ਨੇੜੇ ਦੇ ਖੇਤਰਾਂ 'ਚ ਸਰਕਾਰੀ ਟੀਮਾਂ ਭੇਜੀਆਂ ਜਾ ਰਹੀਆਂ ਹਨ ਜੋ ਜਨ ਸੁਰੱਖਿਆ ਸਬੰਧੀ ਸਾਰੇ ਤਰ੍ਹਾਂ ਦੇ ਕੰਮ ਪੂਰੇ ਕਰਨਗੀਆਂ। ਉਨ੍ਹਾਂ ਕਿਹਾ ਕਿ ਬਜ਼ੁਰਗ ਦੀ ਮੌਤ ਕੋਵਿਡ-19 ਦੇ ਕਾਰਨ ਹੋਈ ਹੈ, ਇਸ ਲਈ ਉਸ ਨਾਲ ਸਬੰਧਤ ਪਰਿਵਾਰ ਵਾਲਿਆਂ ਸਮੇਤ ਉਸ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ। ਕੋਰੋਨਾ ਵਾਇਰਸ ਦੇ ਕਾਰਨ ਉਕਤ ਵਿਅਕਤੀ ਦੀ ਮੌਤ ਹੋਣ 'ਤੇ ਇਲਾਕੇ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਅੱਜ ਫਗਵਾੜਾ ਅਤੇ ਫਿਰੋਜ਼ਪੁਰ 'ਚ ਹੋਈ ਮੌਤ ਦੇ ਨਾਲ ਪੰਜਾਬ 'ਚ ਮੌਤਾਂ ਦਾ ਅੰਕੜਾ 22 ਤੱਕ ਪਹੁੰਚ ਗਿਆ ਹੈ।