ਮੋਗਾ : ਬੀਤੀ ਰਾਤ ਇਥੇ ਮੋਗਾ ਰੋਡ ਉੱਪਰ ਨਹਿਰ ਲਾਗੇ ਇਕ ਜਬਰਦਸਤ ਐਕਸੀਡੈਂਟ 'ਚ ਫੌਜ 'ਚੋਂ ਛੁੱਟੀ ਆਏ ਹੋਏ ਪਿੰਡ ਬੁੱਟਰ ਕਲਾਂ ਦੇ ਇਕ ਜਵਾਨ ਅਮਰਜੀਤ ਸਿੰਘ ਜਿਸ ਦੀ ਉਮਰ ਤਕਰੀਬਨ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਉਕਤ ਜਵਾਨ ਮੋਟਰਸਾਈਕਲ 'ਤੇ ਬੱਧਨੀ ਕਲਾਂ ਤੋਂ ਆਪਣੇ ਪਿੰਡ ਬੁੱਟਰ ਕਲਾਂ ਵੱਲ ਨੂੰ ਰਾਤ 9.15 ਵਜੇ ਦੇ ਕਰੀਬ ਜਾ ਰਿਹਾ ਸੀ ਕਿ ਨਹਿਰ ਲਾਗੇ ਇਕ ਪਿਛੋਂ ਆ ਰਹੇ ਘੋੜਾ ਟਰਾਲਾ ਚਾਲਕ ਨੇ ਲਾਪ੍ਰਵਾਹੀ ਵਰਤਦਿਆਂ ਮੋਟਰਸਾਈਕਲ ਨੂੰ ਪਿਛੋਂ ਫੇਟ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ 'ਚ ਫੱਟੜ ਹੋ ਗਿਆ ਜਦੋਂ ਉਸ ਨੂੰ ਮੌਕੇ 'ਤੇ ਪਹੁੰਚੇ ਲੋਕਾਂ ਵਲੋਂ ਸਿਵਲ ਹਸਪਤਾਲ ਬੱਧਨੀ ਕਲਾਂ ਵਿਖੇ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਸਬੰਧੀ ਮ੍ਰਿਤਕ ਫੋਜੀ ਜਵਾਨ ਦੇ ਭਰਾ ਅਵਤਾਰ ਸਿੰਘ ਪੁੱਤਰ ਜੰਗੀਰ ਸਿੰਘ ਢਿਲੋਂ ਪੱਤੀ ਬੁੱਟਰ ਕਲਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦਾ ਭਰਾ ਅਮਰਜੀਤ ਸਿੰਘ ਜੋ ਕਿ ਫੌਜ 'ਚ ਨੌਕਰੀ ਕਰਦਾ ਸੀ ਹੁਣ ਕੁਝ ਦਿਨ ਪਹਿਲਾਂ ਘਰ ਛੁੱਟੀ ਆਇਆ ਸੀ ਤੇ ਅੱਜ ਉਹ ਬੱਧਨੀ ਕਲਾਂ ਵਿਖੇ ਆਪਣਾ ਕੰਮ ਧੰਦਾ ਕਰਨ ਉਪਰੰਤ ਵਾਪਸ ਘਰ ਜਾ ਰਿਹਾ ਸੀ। ਰਸਤੇ 'ਚ ਇਕ ਘੋੜਾ ਟਰਾਲਾ ਕੰਨਟੇਨਰ ਨੇ ਉਸ ਨੂੰ ਫੇਟ ਮਾਰ ਦਿੱਤੀ ਤੇ ਬਾਅਦ 'ਚ ਉਹ ਘਟਨਾ ਸਥਾਨ ਤੋਂ ਭੱਜ ਗਿਆ ।
ਫੌਜੀ ਜਵਾਨ ਅਮਰਜੀਤ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ ਫੌਜ ਦੇ ਸੀਨੀਅਰ ਅਧਿਕਾਰੀਆਂ
|
ਮ੍ਰਿਤਕ ਅਮਰਜੀਤ ਸਿੰਘ ਦੇ ਭਰਾ ਨੇ ਕਿਹਾ ਉਕਤ ਟਰਾਲਾ ਚਾਲਕ ਨੇ ਮੇਰੇ ਭਰਾ ਨੂੰ ਚੁੱਕ ਕੇ ਹਸਪਤਾਲ ਲਿਜਾਣ ਦੀ ਵੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਇਸ ਘਟਨਾ ਤੋਂ ਬਾਅਦ ਪਿੰਡ ਬੁੱਟਰ ਕਲਾਂ 'ਚ ਮਾਤਮ ਛਾ ਗਿਆ ਹੈ। ਮ੍ਰਿਤਕ ਫੌਜੀ ਜਵਾਨ ਅਮਰਜੀਤ ਸਿੰਘ ਦਾ ਮੋਗਾ ਦੇ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਾਉਣ ਉਪਰੰਤ ਪਿੰਡ ਬੁੱਟਰ ਕਲਾਂ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ ਦੌਰਾਨ ਉਸ ਨੂੰ ਅੰਤਿਮ ਵਿਦਾਇਗੀ ਦੇਣ ਲਈ ਫੌਜ ਦੇ ਸੀਨੀਅਰ ਅਧਿਕਾਰੀਆਂ ਤੇ ਪਿੰਡ ਦੇ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ, ਦੂਜੇ ਪਾਸੇ ਇਸ ਐਕਸੀਡੈਂਟ ਨੂੰ ਗੰਭੀਰਤਾਂ ਨਾਲ ਲੈਂਦਿਆਂ ਫੌਜੀ ਜਵਾਨ ਦੇ ਭਰਾ ਅਵਤਾਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਘੋੜਾ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਅਗਲੀ ਕਾਰਵਾਈ ਸਹਾਇਕ ਥਾਣੇਦਾਰ ਜਗਸੀਰ ਸਿੰਘ ਵਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ।